Tuesday, December 3, 2024

ਸ਼ਹਿਰਾਂ ਵਿਚ ਕੂੜੇ-ਕਰਕਟ ਦੀ ਸਮੱਸਿਆ ਦਾ ਹੋਵੇਗਾ ਸਦੀਵੀ ਹੱਲ- ਸੁਖਬੀਰ ਬਾਦਲ

ਸੁੰਦਰ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਹੋਵੇਗਾ ਅੰਮ੍ਰਿਤਸਰ-ਪੌਦੇ ਲਗਾਉਣ ਲਈ ਕਾਇਮ ਕੀਤੇ ਜਾਣਗੇ ਬਾਗਬਾਨੀ ਵਿੰਗ

ਸੜਕਾਂ ਚੌੜੀਆਂ ਕਰਨ ਲਈ ਕੱਟੇ ਗਏ ਦਰੱਖਤਾਂ ਤੋਂ ਦੁੱਗਣੇ ਦਰੱਖਤ ਲਾਉਣ ਦੇ ਹੁਕਮ

PPN290524

ਅੰੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਸਾਫ ਸਫਾਈ ਦੇ ਮਨੋਰਥ ਨਾਲ ਸਥਾਨਕ ਸਰਕਾਰਾਂ ਵਿਭਾਗ ਵਿਚ ਠੋਸ, ਰਹਿੰਦ ਖੂੰਹਦ (ਸਾਲਿਡ ਵੇਸਟ ਮੈਨਜਮੈਂਟ) ਵਿੰਗ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਕਿ ਮਾਹਿਰਾਂ ਦੀਆਂ ਸੇਵਾਵਾਂ ਨਾਲ ਕੂੜੇ ਕਰਕਟ ਦੀ ਸਮੱਸਿਆ ਦਾ ਸਦੀਵੀ ਹੱਲ ਕਰੇਗਾ, ਜਿਸ ਰਾਹੀਂ ਕੂੜੇ ਤੋਂ ਖਾਦ ਤੇ ਊਰਜਾ ਪੈਦਾ ਕੀਤੀ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਹੋਈ ਉਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰਾਂ ਵਿਚ ਸੜਕਾਂ ਚੌੜੀਆਂ ਕਰਨ ਜਾਂ ਹੋਰ ਵਿਕਾਸ ਕਾਰਜਾਂ ਦੀ ਭੇਟ ਚੜ੍ਹ ਰਹੇ ਦਰੱਖਤਾਂ ਦੀ ਪੂਰਤੀ ਲਈ ਹਰ ਸ਼ਹਿਰ ਵਿਚ ਬਾਗਬਾਨੀ ਵਿੰਗ ਕਾਇਮ ਕੀਤਾ ਜਾਵੇਗਾ, ਜੋ ਕਿ ਸ਼ਹਿਰਾਂ ਨੂੰ ਹਰਾ-ਭਰਾ ਬਨਾਉਣ ਦਾ ਕੰਮ ਕਰੇਗਾ। ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦੇ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਇਸ ਪਵਿਤਰ ਸ਼ਹਿਰ ਨੂੰ ਵਿਸ਼ਵ ਦੇ ਸੁੰਦਰ ਸ਼ਹਿਰਾਂ ਵਿਚ ਸ਼ਾਮਿਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ. ਬਾਦਲ ਨੇ ਮੀਟਿੰਗ ਵਿਚ ਹਾਜ਼ਰ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਪੀ.ਐਸ. ਔਜਲਾ ਨੂੰ ਕਿਹਾ ਕਿ ਉਹ ਕੱਲ ਤੱਕ ਸ਼ਹਿਰ ਦੇ ਮੇਅਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਲਾਹ ਕਰਕੇ ਉਨ੍ਹਾਂ ਥਾਵਾਂ ਦਾ ਵੇਰਵਾ ਮੈਨੂੰ ਦੇਣ, ਜਿੱਥੇ-ਜਿੱਥੇ ਫਲਾਈਓਵਰ ਬਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਵੀਂ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਸਮਾਰਟ ਸ਼ਹਿਰਾਂ ਵਿਚ ਅੰਮ੍ਰਿਤਸਰ ਸ਼ਹਿਰ ਨੂੰ ਸ਼ਾਮਿਲ ਕਰਵਾਇਆ ਜਾਵੇਗਾ, ਤਾਂ ਕਿ ਸ਼ਹਿਰ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਸ. ਬਾਦਲ ਨੇ ਮੀਟਿੰਗ ਵਿਚ ਸ਼ਾਮਿਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਹਿਰ ਦੀ ਕੇਵਲ ਬਾਹਰੀ ਦਿੱਖ ਜਾਂ ਵੱਡੀਆਂ ਸੜਕਾਂ ‘ਤੇ ਧਿਆਨ ਕੇਂਦਰਤ ਨਾ ਕਰਨ, ਬਲਕਿ ਹਰ ਗਲੀ-ਮਹੁੱਲੇ ਦੀਆਂ ਲੋੜਾਂ ਅਤੇ ਭਵਿੱਖ ਦੀਆਂ ਤਰਜੀਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਥੋਂ ਦੇ ਸਥਾਨਕ ਲੋਕਾਂ ਨਾਲ ਵਿਚਾਰ ਕੇ ਮੁਕੰਮਲ ਪ੍ਰਾਜੈਕਟ ਤਿਆਰ ਕਰਨ ਅਤੇ ਉਸ ਤਰਜੀਹ ਦੇ ਅਧਾਰ ‘ਤੇ ਹੀ ਸਾਰੇ ਕੰਮ ਕਰਨ।ਅੱਜ ਉਪ ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ 78 ਕਰੋੜ ਦੀ ਲਾਗਤ ਨਾਲ ਬਣ ਰਹੇ ਪਲਾਜ਼ੇ, 132 ਕਰੋੜ ਦੀ ਲਾਗਤ ਨਾਲ ਬਣ ਰਹੀ ਕੇਂਦਰੀ ਜੇਲ, 74 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ-ਰਾਜਾਸਾਸੀਂ ਰੋਡ, ਅੰਮ੍ਰਿਤਸਰ-ਅਜਨਾਲਾ ਰੋਡ, ਚਾਰ ਮਾਰਗੀ ਹੋ ਰਹੀ ਫਤਿਹਗੜ੍ਹ ਚੂੜੀਆਂ ਸੜਕ, ਜਲੰਧਰ ਰੋਡ ‘ਤੇ 8 ਕਰੋੜ ਦੀ ਲਾਗਤ ਨਾਲ ਬਣ ਰਹੇ ਗੇਟ, ਸੁਲਤਾਨਵਿੰਡ ਨਹਿਰ ਦੇ ਨਾਲ ਸੈਰ ਲਈ ਬਣ ਰਹੇ ਟਰੈਕ, 500 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਬੱਸ ਰੈਪਿਡ ਟਰਾਂਜਿਸ ਸਿਸਟਮ, ਚੌਕ ਸ਼ਹੀਦਾਂ ਦੇ ਸੁੰਦਰੀਕਰਨ, ਤਰਨਤਾਰਨ ਸੜਕ ਦੇ ਚੌੜਾ ਹੋਣ, ਦੁਰਗਿਆਣਾ ਮੰਦਰ ਪਾਰਕਿੰਗ, ਸਾਲਿਡ ਵੇਸਟ ਮੈਨਜਮੈਂਟ ਪਲਾਂਟ, ਸੀਵਰੇਜ ਤੇ ਪਾਣੀ ਦੇ ਪ੍ਰਬੰਧ ਆਦਿ ਦੀ ਵਿਸਥਾਰ ਵਿਚ ਚਰਚਾ ਕਰਦੇ ਸਬੰਧਤ ਪ੍ਰਾਜੈਕਟਾਂ ਨੂੰ ਸਮਾਂ ਸੀਮਾ ਦੇ ਅੰਦਰ-ਅੰਦਰ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ। ਉਪ ਮੁੱਖ ਮੰਤਰੀ ਨੇ ਸ਼ਹਿਰ ਵਿਚ ਸੜਕਾਂ ਚੌੜੀਆਂ ਕਰਨ ਲਈ ਕੱਟੇ ਜਾ ਰਹੇ ਦਰਖਤਾਂ ਦੇ ਮੁੱਦੇ ‘ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਲੋੜ ਦੇ ਕੋਈ ਦਰਖਤ ਨਾ ਕੱਟਿਆ ਜਾਵੇ ਅਤੇ ਜਿੰਨੇ ਦਰਖਤ ਕੱਟੇ ਗਏ ਹਨ, ਉਸ ਤੋਂ ਦੋ ਗੁਣਾ ਵੱਧ ਦਰੱਖਤ ਸ਼ਹਿਰ ਵਿਚ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਹ ਦਰੱਖਤ ਕੇਵਲ ਲਗਾਉਣ ਤੱਕ ਸੀਮਤ ਨਾ ਰਹਿਣ, ਬਲਕਿ ਸਬੰਧਤ ਵਿਭਾਗ ਇਸ ਨੂੰ ਘੱਟੋ-ਘੱਟ ਪੰਜ ਸਾਲ ਤੱਕ ਪਾਲਣ ਦੇ ਪਾਬੰਦ ਹੋਵੇਗਾ। ਸ. ਬਾਦਲ ਨੇ ਸ਼ਹਿਰ ਵਿਚ ਆਉਂਦੀਆਂ ਸਾਰੀਆਂ ਸੜਕਾਂ ਦੇ ਕਿਨਾਰੇ ਸੁੰਦਰ ਦਰਖਤ ਤੇ ਫੁੱਲ ਲਗਾਉਣ ਦੀ ਹਦਾਇਤ ਵੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਪੀ ਐਸ ਔਜਲਾ, ਮੇਅਰ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਭਾਜਪਾ ਦੇ ਸੀਨੀਅਰ ਆਗੂ ਸ੍ਰੀ ਤਰੁਣ ਚੁੱਗ, ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ੍ਰੀ ਜੀ. ਆਰ. ਬੈਂਸ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸਭਰਵਾਲ, ਪੁੱਡਾ ਅੰਮ੍ਰਿਤਸਰ ਦੇ ਅਧਿਕਾਰੀ ਸ੍ਰੀ ਸੰਦੀਪ ਰਿਸ਼ੀ, ਐਸ ਈ ਲਖਵਿੰਦਰ ਸਿੰਘ ਸੰਧੂ, ਐਕਸੀਅਨ ਸ੍ਰੀ ਜਸਬੀਰ ਸਿੰਘ ਸੋਢੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …

Leave a Reply