ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ
ਨਵੀਂ ਦਿੱਲੀ, 9 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਦੇ ਰਿਚਮੰਡ ਹਿਲ ਇਲਾਕੇ ਦੇ ਗੁਰਦੁਆਰਾ ਬਾਬਾ ਮੱਖਣ ਸਿੰਘ ਲੁਬਾਣਾ ਸਿੱਖ ਸੈਂਟਰ ‘ਚ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਮਾਗਮਾਂ ‘ਚ ਸ਼ਿਰਕਤ ਕੀਤੀ। ਇਸ ਸਮਾਗਮ ‘ਚ ਉਚੇਚੇ ਤੌਰ ਤੇ ਹਿੱਸਾ ਲੈਣ ਗਏ ਜੀ.ਕੇ ਨੇ ਆਪਣੀ ਤਕਰੀਰ ਦੌਰਾਨ ਜਿਥੇ ਬਾਬਾ ਪ੍ਰੇਮ ਸਿੰਘ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕੀਤੇ ਉਥੇ ਨਾਲ ਹੀ ਉਨ੍ਹਾਂ ਨੂੰ ਗੁਰੂ ਦੀ ਰਾਹ ਤੇ ਚਲਣ ਵਾਲਾ ਸੱਚਾ ਸਿੱਖ ਵੀ ਐਲਾਨਿਆ। ਅੰਮ੍ਰਿਤ ਸੰਚਾਰ ਲਈ ਵਿਦੇਸ਼ੀ ਧਰਤੀ ਤੇ ਬਾਬਾ ਪ੍ਰੇਮ ਸਿੰਘ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਯਾਦ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ‘ਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ। ਦਿੱਲੀ ਕਮੇਟੀ ਵੱਲੋਂ ਧਰਮ, ਸਿੱਖਿਆ ਅਤੇ ਸਮਾਜਿਕ ਕਲਿਯਾਣ ਨੂੰ ਮੁੱਖ ਰਖਕੇ ਚਲਾਈ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੇ ਕਰਦੇ ਹੋਏ ਵਿਦੇਸ਼ਾਂ ‘ਚ ਵਸੇ ਸਿੱਖਾਂ ਦੀਆਂ ਸਮਸਿਆਵਾਂ ਨੂੰ ਵੀ ਹੱਲ ਕਰਨ ਵਾਸਤੇ ਵੀ ਦਿੱਲੀ ਕਮੇਟੀ ਵੱਲੋਂ ਪੂਰੀ ਤਾਕਤ ਲਗਾਉਣ ਦਾ ਵੀ ਭਰੋਸਾ ਦਿੱਤਾ।ਆਪਣੀ ਪਿੱਛਲੀ ਇਟਲੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਵਿਦੇਸ਼ਾਂ ‘ਚ ਦਸਤਾਰ ਤੇ ਲਗੀ ਪਾਬੰਦੀ ਬਾਰੇ ਵੀ ਦਿੱਲੀ ਕਮੇਟੀ ਵੱਲੋਂ ਆਪਣੇ ਪੱਧਰ ਤੇ ਕੀਤੀ ਗਈ ਜੱਦੋ-ਜਹਿਦ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੇਜ ਸਿੰਘ, ਜਨਰਲ ਸਕੱਤਰ ਰਘੁਬੀਰ ਸਿੰਘ ਸੁਭਾਣਪੁਰ ਅਤੇ ਚੇਅਰਮੈਨ ਹਰਬੰਸ ਸਿੰਘ ਟਾਹਲੀ ਵੱਲੋਂ ਸਮੁਹ ਨਿਉੂਯਾਰਕ ਦੀਆਂ ਸੰਗਤਾਂ ਦੀ ਮੌਜੂਦਗੀ ‘ਚ ਜੀ.ਕੇ ਨੁੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।