ਅੰਮ੍ਰਿਤਸਰ, 10 ਫਰਵਰੀ (ਨਰਿੰਦਰ ਪਾਲ ਸਿੰਘ)- ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਫਿਰ ਜਿਥੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਜਿਥੇ ਕਾਂਗਰਸ ਪਾਰਟੀ ਅਤੇ ਕਾਂਗਰਸੀ ਆਗੂਆਂ ਨੂੰ ਜੀਅ ਭਰਕੇ ਕੋਸਿਆ ਉਥੇ ਹੀ ਇਨ੍ਹਾਂ ਕਾਰਵਾਈਆਂ ਵਿੱਚ ਭਾਈਵਾਲ ਰਾਜਸੀ ਪਾਰਟੀ, ਭਾਜਪਾ ਦੀ ਸ਼ਮੂਲੀਅਤ ਤੇ ਇਹ ਕਹਿ ਕੇ ਟਾਲਾ ਵੱਟਿਆ ਕਿ ‘ਮੈਂ ਬਹੁਤਾ ਨਹੀ ਕਿਸੇ ਵੱਲ ਖਿਆਲ ਕਰਦਾ ਜੀ’।ਅੱਜ ਬਾਅਦ ਦੁਪਿਹਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ੍ਰ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਮੈਂ ਕਿਸੇ ਖਿਲਾਫ ਦੂਸ਼ਣਬਾਜੀ ਵਿੱਚ ਬਹੁਤਾ ਵਿਸ਼ਵਾਸ਼ ਨਹੀ ਰੱਖਦਾ, ਲੇਕਿਨ ਕਾਂਗਰਸ ਨੇ ਤਾਂ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ’।ਕਾਂਗਰਸੀਆਂ ਪਾਸ ਉਨਾਂ ਤੇ ਇਲਜ਼ਾਮ ਲਾਉਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀ ਹੈ ਜਾਂ ਇਹ ਕਹਿ ਲਓ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’।ਉਨ੍ਹਾਂ ਦੁਹਰਾਇਆ ਕਿ ਜੂਨ 84 ਦੇ ਬਾਅਦ ਸਭ ਤੋਂ ਵੱਧ ਜੇਲ੍ਹ ਉਨ੍ਹਾਂ ਕੱਟੀ ਹੈ, ਲੇਕਿਨ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਕਾਂਗਰਸੀ ਪੂਰੀ ਤਰ੍ਹਾਂ ਜਿੰਮੇਵਾਰ ਹਨ।ਜਦ ਸ੍ਰ. ਬਾਦਲ ਨੂੰ ਇਹ ਪੁੱਛਿਆ ਗਿਆ ਕਿ ਅਕਾਲੀ ਦਲ ਦੀ ਇੰਦਰਾ ਗਾਂਧੀ ਨਾਲ ਹੋਈ ਆਖਰੀ ਮੁਲਾਕਾਤ ਵਿਚ ਕੀ ਗੱਲਬਾਤ ਹੋਈ ਸੀ ਤਾਂ ਉਨ੍ਹਾਂ ਦੱਸਿਆ ਕਿ ਬੀਬੀ ਥੋੜੀ ਜਿਹੀ ਸਮਝ ਤੋਂ ਕੰਮ ਲੈਂਦੀ, ਕਾਹਲੀ ਨਾ ਕਰਦੀ ਤਾਂ ਸਭ ਠੀਕ ਹੋ ਜਾਣਾ ਸੀ।ਇਹ ਪੁੱਛੇ ਜਾਣ ‘ਤੇ ਕਿ ਅਕਾਲੀ ਦਲ ਤੇ ਇੰਦਰਾ ਦਰਮਿਆਨ ਕਿੰਨ੍ਹੀਆਂ ਮੁਲਾਕਾਤਾਂ ਹੋਈਆਂ ਸਨ ਤਾਂ ਉਹ ਜਵਾਬ ਟਾਲ ਗਏ।ਸਾਕਾ ਨੀਲਾ ਤਾਰਾ ਲਈ ਬਰਤਾਨੀਆ ਦੀ ਸ਼ਮੂਲੀਅਤ ਤੇ ਨਵੰਬਰ 84 ਕਤਲੇਆਮ ਵਿੱਚ ਰਾਹੁਲ ਵਲੋਂ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦਾ ਜਿਕਰ ਤਾਂ ਸ੍ਰ. ਬਾਦਲ ਨੇ ਕੀਤਾ ਲੇਕਿਨ ਜੂਨ 84 ਦੇ ਫੌਜੀ ਹਮਲੇ ਲਈ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਵਿੱਚਲੇ ਇੰਕਸ਼ਾਫਾਂ ਬਾਰੇ ਪੁੱਛੇ ਜਾਣ ਤੇ ਸ੍ਰ. ਬਾਦਲ ਨੇ ਕਿਹਾ’ ਮੈਂ ਬਹੁਤਾ ਨਹੀ ਕਿਸੇ ਵੱਲ ਖਿਆਲ ਕਰਦਾ ਜੀ’।ਜਦ ਸ੍ਰ ਬਾਦਲ ਨੂੰ ਪੁਛਿਆ ਗਿਆ ਕਿ ਕੀ ਉਹ ਇਕ ਵਾਰ ਫਿਰ ਜੂਨ 84 ਦੀ ਸਮੁੱਚੀ ਘਟਨਾ ,ਇਸਦੇ ਪਿਛੋਕੜ ਅਤੇ ਬਾਅਦ ਦੇ ਸਾਰੇ ਘਟਨਾਕ੍ਰਮ ਦੀ ਜਾਂਚ ਲਈ ਕਿਸੇ ਟਰੁੱਥ ਫਾਈਡਿੰਗ ਕਮਿਸ਼ਨ ਦੇ ਗਠਨ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਵਿੱਚ ਉਨਾਂ ਦੀ ਸੱਤਾ ਆਈ ਤਾਂ ਫਿਰ ਵੇਖਾਂਗੇ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media