10 ਫਰਵਰੀ 1846 ਨੂੰ ਸਭਰਾਵਾਂ ਵਿਖੇ ਪਾਈ ਸੀ ਸ਼ਹਾਦਤ
ਅੰਮ੍ਰਿਤਸਰ, 10 ਫਰਵਰੀ (ਨਰਿੰਦਰ ਪਾਲ ਸਿੰਘ)- ਪਹਿਲੀ ਐਗਲੋ ਸਿੱਖ ਜੰਗ ਦੇ ਨਾਇਕ ,ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਅੱਜ ਜਿਥੇ ਸਰਕਾਰੀ ਪੱਧਰ ਤੇ ਇਕ ਸਾਦੇ ਸਮਾਗਮ ਦੌਰਾਨ ਯਾਦ ਕੀਤਾ ਗਿਆ ਉਥੇ ਉਨਾਂ ਦੇ ਜੱਦੀ ਪਿੰਡ ਅਟਾਰੀ ਸ਼ਾਮ ਸਿੰਘ ਵਿਖੇ ਅਯੋਜਿਤ ਧਾਰਮਿਕ ਸਮਾਗਮ ਮੌਕੇ ਢਾਡੀ ਜਥਿਆਂ ਨੇ ਬੀਰ ਰਸੀ ਵਾਰਾਂ ਗਾਕੇ ਕੌਮ ਦੇ ਇਸ ਮਹਾਨ ਜਰਨੈਲ ਦੀ ਯਾਦ ਤਾਜਾ ਕਰਵਾਈ ।ਅੱਜ ਸਵੇਰੇ ਜੀ.ਟੀ.ਰੋਡ ਨਰੈਣਗੜ੍ਹ ਵਿਖੇ ਸਥਾਪਿਤ ਸ਼ਹੀਦ ਦੇ ਬੁੱਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ,ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਭਾਰਤੀ ਫੌਜ ਦੇ ਕਰਨਲ ਹਰਜਿੰਦਰ ਸਿੰਘ, ਏ.ਡੀ.ਸੀ. ਜਨਰਲ ਸ੍ਰੀ ਜਸਬੀਰ ਸਿੰਘ, ਏ.ਡੀ.ਸੀ. (ਵਿਕਾਸ) ਸ੍ਰੀ ਪ੍ਰਦੀਪ ਸੱਭਰਵਾਲ, ਐੱਸ.ਡੀ.ਐੱਮ. ਸ. ਮਨਮੋਹਨ ਸਿੰਘ ਕੰਗ, ਐੱਸ.ਡੀ.ਐੱਮ. ਸ੍ਰੀ ਵਿਮਲ ਸੇਤੀਆ, ਜਰਨਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਪਰਿਵਾਰਕ ਮੈਂਬਰ ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ‘ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਇਕ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਜਰਨਲ ਸ਼ਾਮ ਸਿੰਘ ਨੂੰ ਸਲਾਮੀ ਦਿੱਤੀ ਗਈ।ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਉਨਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਰਹੇਗੀ। ਉਨਾਂ ਕਿਹਾ ਕਿ ਸ਼ਾਮ ਸਿੰਘ ਅਟਾਰੀ ਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿੱਚ ਜਿਸ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਆਪਣੇ ਆਪ ਵਿੱਚ ਮਿਸਾਲ ਹੈ।ਇੰਡੀਆ ਗੇਟ ਵਿਖੇ ਸਕੂਲੀ ਬੱਚਿਆਂ ਵੱਲੋਂ ਬੀਰ ਰਸ ਅਤੇ ਦੇਸ਼ ਭਗਤੀ ਨਾਲ ਭਰਪੂਰ ਗੀਤ ਵੀ ਪੇਸ਼ ਕੀਤੇ ਗਏ।ਇਸੇ ਦੌਰਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਜੱਦੀ ਪਿੰਡ ਅਟਾਰੀ ਸ਼ਾਮ ਸਿੰਘ ਵਿਖੇ ਸਥਿਤ ਉਸਦੀ ਸਮਾਧ ਵਿਖੇ ਇਕ ਸ਼ਹੀਦੀ ਸਮਾਗਮ ਕਰਾਇਆ ਗਿਆ ਜਿਸ ਦੌਰਾਨ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜੇ ।ਕੀਰਤਨੀ ਸਿੰਘਾਂ ਨੇ ਗੁਰੂ ਜਸ ਗਾਇਨ ਕੀਤਾ ਅਤੇ ਢਾਡੀ ਜਥਿਆਂ ਨੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਿਆਂ ਕੀਤਾ। ਵੱਡੀ ਗਿਣਤੀ ‘ਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।