Monday, July 8, 2024

ਅਮਰੀਕੀ ਫੌਜ ਵਿਚ ਦਸਤਾਰ ਤੇ ਦਾੜੀ ਰੱਖਣ ਦੀ ਇਜ਼ਾਜਤ ਦਾ ਫੈਸਲਾ ਸਵਾਗਤਯੋਗ- ਸ਼੍ਰੋਮਣੀ ਕਮੇਟੀ

SGPC
ਅੰਮ੍ਰਿਤਸਰ, 6 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕੀ ਫੌਜ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਅਤੇ ਦਾੜੀ (ਕੇਸ) ਰੱਖਣ ਦੀ ਇਜ਼ਾਜਤ ਦੇਣ ਦੇ ਫੈਸਲੇ ਦਾ ਪੁਰਜ਼ੋਰ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਮਾਨਤਾ ਦੇਣ ਵਾਲੇ ਨਵੇਂ ਨੇਮਾਂ ਨਾਲ ਸਿੱਖ ਪਛਾਣ ਦੀ ਮਾਨਤਾ ਨੂੰ ਬਲ ਮਿਲੇਗਾ।ਪ੍ਰੋਫੈਸਰ ਬਡੂੰਗਰ ਨੇ ਉਨ੍ਹਾਂ ਸਿੱਖ ਫੌਜੀਆਂ ਨੂੰ ਵਧਾਈ ਵੀ ਦਿੱਤੀ ਜਿਨ੍ਹਾਂ ਦੀਆਂ ਪਟੀਸ਼ਨਾਂ ਤੋਂ ਬਾਅਦ ਅਮਰੀਕੀ ਫੌਜ ਵੱਲੋਂ ਨਿਯਮਾਂ ਵਿਚ ਇਹ ਬਦਲਾਅ ਕੀਤਾ ਗਿਆ ਹੈ। ਇਸ ਖ਼ਬਰ ਦੀ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕੀ ਫੌਜ ਦੇ ਇਸ ਫੈਸਲੇ ਨਾਲ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਅਤੇ ਟਿੱਪਣੀਆਂ ਦਾ ਚਲਨ ਵੀ ਅਵੱਸ਼ ਘਟੇਗਾ, ਕਿਉਂਕਿ ਇਹ ਫੈਸਲਾ ਵਿਦੇਸ਼ਾਂ ਵਿਚ ਸਿੱਖ ਪਛਾਣ ਨੂੰ ਉਭਾਰਨ ਵਾਲਾ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਿੱਖਾਂ ਵੱਲੋਂ ਪਾਏ ਭਰਪੂਰ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਮਿਹਨਤੀ ਕੌਮ ਵਜੋਂ ਜਾਣੀ ਜਾਂਦੀ ਹੈ।ਸਿੱਖਾਂ ਨੇ ਹਿੰਮਤ, ਮਿਹਨਤ, ਸੁਹਿਰਦਤਾ ਅਤੇ ਦ੍ਰਿੜ੍ਹਤਾ ਨਾਲ ਦੇਸ਼-ਦੁਨੀਆ ਅੰਦਰ ਨਿਵੇਕਲਾ ਮੁਕਾਮ ਹਾਸਿਲ ਕੀਤਾ ਹੈ।ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਮਹਿਕਮਿਆਂ ਵਿਚ ਸੇਵਾਵਾਂ ਨਿਭਾਉਣ ਸਮੇਂ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਪੂਰਨ ਖੁੱਲ੍ਹ ਦੇ ਕੇ ਸੁਤੰਤਰਤਾ ਨਾਲ ਵਿਚਰਣ ਦਿਤਾ ਜਾਵੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply