Saturday, July 26, 2025
Breaking News

ਸੁੰਦਰ ਮੁੰਦਰੀਏ………..

Lohri 1
 ਹਰਮਿੰਦਰ ਸਿੰਘ ”ਭੱਟ”

ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਗਲੀ ਦੇ ਜੁਆਕਾਂ ਦੇ ਨਾਲ ਮਿਲ ਕੇ ਸਾਰੇ ਸ਼ਾਮ ਵੇਲੇ ਇਕੱਠੇ ਹੋ ਕੇ ਕੱਪੜੇ ਤੇ ਬੋਰੀਆਂ ਦੇ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਾਂ। ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ।ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦੀਆਂ ਜਾਂਦੀਆਂ।ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ।ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ।ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ।ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਚੱਲਦੀਆਂ ਸਨ।ਇੱਕ ਭੇਲੀ ਦਰਵਾਜ਼ੇ ਦੀ, ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਤੇ ਇੱਕ ਘਰਾਂ ਵਿਚ ਖੁਸ਼ੀ ਗ਼ਮੀ ਦੇ ਕੰਮ ਕਰਨ ਵਾਲੇ ਝਿਊਰਾਂ ਦੀ ਹੁੰਦੀ।ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ।ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ।
ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ।ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ।ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ।ਤੋਲਿਆ ਗੁੜ ਪਰਾਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ।ਪਰਾਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ।ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ।ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡੂਆਂ ਨੇ ਲੈ ਲਈ ਹੈ।ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ।ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ।ਇਸ ਦਿਨ ਖੁਸਰੇ ਵੀ ਆਪਣਾ ਲਾਗ ਲੈਣ ਪਹੁੰਚਦੇ ਤੇ ਬਣਦਾ ਲਾਗ ਧੱਕੇ ਤੇ ਫਿਰ ਬਾਅਦ ਵਿਚ ਜੋ ਘਰ ਵਾਲੇ ਦੇ ਦਿੰਦੇ ਉਸ ਨੂੰ ਖੁੱਸੀਆਂ ਨਾਲ ਲੈ ਕੇ ਦੁਆਵਾਂ ਤੇ ਅਰਦਾਸਾਂ ਕਰਦੇ ਚਲੇ ਜਾਂਦੇ।ਰਿਸ਼ਤੇਦਾਰ ਨਵੇਂ ਜੰਮੇ ਮੁੰਡੇ ਲਈ ਸੌਗਾਤ ਲੈ ਕੇ ਆਉਂਦੇ ਤੇ ਮੁੰਡੇ ਵਾਲਿਆਂ ਵੱਲੋਂ ਵੀ ਬਣਦਾ ਸਰਦਾ ਕੱਪੜਾ ਲੀੜਾ ਦਿੱਤਾ ਜਾਂਦਾ।ਤੇ ਰਾਤੀ ਸਾਰੇ ਪਿੰਡ ਨੂੰ ਧੂਣੀ ਉੱਪਰ ਆਉਣ ਦਾ ਸੱਦਾ ਹੁੰਦਾ ਜਿੱਥੇ ਰਿਉੜੀਆਂ ਤੇ ਮੂੰਗਫਲੀ ਵੰਡੀ ਜਾਂਦੀ।ਜੁਆਕਾਂ ਤੇ ਵੱਡਿਆਂ ਦੁਆਰਾ ਸੁੰਦਰ ਮੁੰਦਰੀ ਏ ਗਾਇਆ ਜਾਂਦਾ।ਇਹ ਤਿਉਹਾਰ ਠੰਢ ਘਟਣ ਦੀ ਖ਼ੁਸ਼ੀ ਤੇ ਵਦੀ ਉੱਪਰ ਨੇਕੀ ਦੀ ਜਿੱਤ ਦਾ ਵੀ ਪ੍ਰਤੀਕ ਸਮਝਿਆ ਜਾਂਦਾ ਹੈ।ਮਾਘੀ ਵਾਲੇ ਦਿਨ ਸਾਡੀ ਮਾਂ ਸਵੇਰੇ ਸਾਜਰੇ ਉਠਾ ਸਾਡੇ ਵਾਲ ਧੋਂਦੀ ਤੇ ਆਖਦੀ ਕਿ ”ਤੁਹਾਡੇ ਵਾਲ ਹੁਣ ਸੋਨੇ ਦੇ ਹੋ ਗਏ ਹਨ”।ਲੋਹੜੀ ਵਾਲੇ ਦਿਨ ਸਾਗ, ਖੀਰ ਤੇ ਖਿਚੜੀ ਬਣਾਈ ਜਾਂਦੀ ਜੋ ਕਿ ਮਾਘ ਵਾਲੇ ਦਿਨ ਖਾਣ ਲਈ ਹੁੰਦੀ।

ਪਰ ਅਫ਼ਸੋਸ ਅੱਜ ਕੱਲ੍ਹ ਵਧਦੀ ਜਾ ਰਹੀ ਮਹਿੰਗਾਈ ਤੇ ਪੈਸੇ ਦੀ ਦੌੜ ਭੱਜ ਵਾਲੀ ਜ਼ਿੰਦਗੀ ਨੇ ਤਾਂ ਤਿਓਹਾਰ ਬਦਲ ਕੇ ਰੱਖ ਦਿੱਤੇ ਹਨ।ਨਾ ਤਾਂ ਜੁਆਕ ਹੁਣ ਲੋਹੜੀ ਮੰਗਦੇ ਹੀ ਨਜ਼ਰ ਆਉਂਦੇ ਹਨ ਨਾ ਹੀ ਪਹਿਲਾਂ ਵਾਲਾ ਉਹ ਖੁੱਸ਼ੀਆਂ ਖੇੜੇ ਤੇ ਰਿਸ਼ਤੇ ਨਾਤਿਆਂ ਵਿਚ ਏਕਤਾ ਤੇ ਪਰਪੱਕਤਾ ਵਾਲਾ ਪਿਆਰ ਭਰਿਆ ਮਾਹੌਲ।ਹੁਣ ਤਾਂ ਲੋਕਾਂ ਵਲੋਂ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਦੀ ਤਰ੍ਹਾਂ ਹੀ ਪੈਲੇਸ ਬੁੱਕ ਕੀਤੇ ਜਾਂਦੇ ਹਨ।ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ ਲੋਕ ਬੇਗਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ ਤੇ ਸ਼ਾਮ ਨੂੰ ਹਰ ਕੋਈ ਆਪਣੇ-2 ਘਰ ਵਿਚ ਅਲੱਗ-ਅਲੱਗ ਲੋਹੜੀ ਮਨਾਉਂਦੇ ਹਨ।

ਪੰਜਾਬ ਸਰਕਾਰ ਦੁਆਰਾ ਲੋਹੜੀ ਤੇ ਮਾਘੀ ਦੀ ਛੁੱਟੀ ਕੱਟਣ ਕਾਰਨ ਬੱਚਿਆਂ ਵਿਚ ਲੋਹੜੀ ਮੰਗਣ ਦਾ ਉਹ ਸਭਿਆਚਾਰ ਦਾ ਇੱਕ ਪਿਆਰ ਭਰਿਆ ਅਹਿਸਾਸ ਤੇ ਰੰਗਲਾ ਮਾਹੌਲ ਹੀ ਖ਼ਤਮ ਕਰ ਦਿੱਤਾ ਗਿਆ ਹੈ ਤੇ ਨਾ ਹੀ ਕਿਸੇ ਪਾਸਿਉਂ ਸੁੰਦਰ ਮੁੰਦਰੀ ਏ ਤੇ ਮਾਏਂ ਦੀ ਲੋਹੜੀ ਵਾਲੇ ਗੀਤ ਹੀ ਸੁਣਾਈ ਦਿੰਦੇ ਹਨ।ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਰੇਤਲੇ ਟਿੱਬਿਆਂ ਤੇ ਖ਼ੁਸ਼ਕ ਝਾੜੀਆਂ ਵਾਲੀ ਧਰਤੀ ਤੇ ਟੁੱਟ ਗੰਢੀ ਸੀ, ਜਿਸ ਨੂੰ ਹੁਣ ਮੁਕਤਸਰ ਸਾਹਿਬ ਆਖਦੇ ਹਨ।ਜਿੱਥੇ ਮਾਘੀ ਦਾ ਮੇਲਾ ਹਰ ਸਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ
ਚਲੋ ਜੀ ਅਮੀਰਾਂ ਨੇ ਤਾਂ ਲੋਹੜੀ ਮਨਾਈ ਪੈਲੇਸਾਂ ਵਿਚ ਵਿਚਾਰੇ ਗ਼ਰੀਬ ਕੀ ਕਰਨ ।ਲੱਕ ਤੋੜ ਮਹਿੰਗਾਈ ਨੇ ਤਾਂ ਗ਼ਰੀਬਾਂ ਦੀ ਮੱਤ ਹੀ ਮਾਰ ਕੇ ਰੱਖ ਦਿੱਤੀ ਹੈ।ਪਹਿਲਾਂ ਜੋ ਮੂੰਗਫਲੀ 30-40 ਰੁ: ਕਿੱਲੋ ਸੀ ਅੱਜ ਉਹ ਮੂੰਗਫਲੀ 100-120 ਰੁ: ਕਿੱਲੋ ਹੈ।ਬਦਾਮ ਤਾਂ ਪਹਿਲਾਂ ਹੀ ਗ਼ਰੀਬ ਦੀ ਪਹੁੰਚ ਵਿਚ ਨਹੀਂ ਸੀ ਹੁਣ ਮੂੰਗਫਲੀ ਵੀ ਉਸ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ।ਸਰਦੀ ਵਿਚ ਆਉਂਦੇ ਜਾਂਦੇ ਸਮੇਂ ਗ਼ਰੀਬ ਆਦਮੀ 5 ਰੁ: ਦੀ ਮੂੰਗਫਲੀ ਲੈ ਚੱਬ ਲੈਂਦਾ ਸੀ ਪਰ ਹੁਣ ਰੇਹੜੀ ਵਾਲੇ ਵੀ 5 ਰੁ: ਦੀ ਮੂੰਗਫਲੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਆਖੇ ਬਾਪੂ ਜੀ 5 ਰੁ: ਕਾ  ਕੁੱਝ ਨਹੀਂ ਆਤਾ।ਗ਼ਰੀਬ ਦੇ ਬਦਾਮ ਵੀ ਉਨ੍ਹਾਂ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਨ।

ਆਓ ਆਪਣੇ ਪੰਜਾਬ ਨੂੰ ਪਹਿਲਾਂ ਜਿਹਾ ਬਣਾਈਏ ਰਲ ਮਿਲ ਸਾਰੇ ਤਿਉਹਾਰ ਮਨਾਈਏ ਤਾਂ ਜੋ ਪਹਿਲਾਂ ਦੀ ਤਰ੍ਹਾਂ ਮਸਤ ਮਲੰਗ ਹੋ ਕੇ ਬੱਚੇ ਗਲੀਆਂ ਵਿਚ ਸੁੰਦਰ ਮੁੰਦਰੀ ਏ ਤੇ ਮਾਏ ਦੇ ਲੋਹੜੀ ਦੇ ਗੀਤ ਗਾ ਸਕਣ।

harminder-bhatt1

 

 

 

 

 

ਹਰਮਿੰਦਰ ਸਿੰਘ ”ਭੱਟ”
 ਬਿਸਨਗੜ੍ਹ (ਬਈਏਵਾਲ)
 ਸੰਗਰੂਰ. ਫ਼ੋਨ 9914062205

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply