ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਇੱਕ ਚੋਣ ਮੀਟਿੰਗ ਦੌਰਾਨ ਬੀਬੀ ਅਮਰਜੀਤ ਕੌਰ ਅਤੇ ਸਵਿੰਦਰ ਸਿੰਘ ਤਰਸਿੱਕਾ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਣ ਕੀਤਾ।
ਗੁਰਜੀਤ ਸਿੰਘ ਔਜਲਾ ਨੇ ਦੋਹਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ।ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਹੀ ਮਾਇਨਿਆਂ ਵਿਚ ਲੋਕਤੰਤਰੀ ਢੰਗ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿਚ ਕੰਮ ਕਰਨ ਵਾਲੇ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਜਿਸ ਦੀ ਮਿਸਾਲ ਉਹ ਆਪ ਖੁਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਦੇ ਇੱਕ ਸਧਾਰਨ ਵਰਕਰ ਵਜੋਂ ਕੰਮ ਸ਼ੁਰੂ ਕੀਤਾ ਸੀ। ਅੱਜ ਪਾਰਟੀ ਨੇ ਉਨ੍ਹਾਂ ਨੂੰ ਇੰਨੀ ਵੱਡੀ ਜਿੰਮੇਵਾਰੀ ਸੌਂਪੀ ਹੈ।ਅਕਾਲੀ ਦਲ ਵਿਚ ਵਰਕਰ ਦੀ ਕੋਈ ਪੁੱਛਗਿੱਛ ਨਹੀਂ ਤੇ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਹੈ। ਸਵਿੰਦਰ ਸਿੰਘ ਤਰਸਿੱਕਾ ਨੇ ਕਿਹਾ ਅਕਾਲੀ ਦਲ ਵਿਚ ਵਰਕਰ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਲੋਕ ਹਿੱਤਾਂ ਤੋ ਉਲਟ ਹੋ ਚੁੱਕੀਆਂ ਹਨ। ਲੋਕ ਹਿੱਤਾਂ ਲਈ ਮੋਰਚੇ ਲਗਾਉਣ ਵਾਲਾ ਅਕਾਲੀ ਦਲ ਕਿਧਰੇ ਅਲੋਪ ਹੋ ਕੇ ਰਹਿ ਗਿਆ ਹੈ । ਉਨ੍ਹਾਂ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਜਰਨੈਲ ਗੁਰਜੀਤ ਸਿੰਘ ਔਜਲਾ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ।