ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਮਾਫੀਆ ਰਾਜ ਦਾ ਅੰਤ ਕਰਨ ਜਾ ਰਹੇ ਹਨ।ਔਜਲਾ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੂੰ ਅਕਾਲੀ ਰਾਜ ਵਿਚ ਨਸ਼ਈ ਬਣਾ ਦਿੱਤਾ। ਚੰਦ ਰੁਪਏ ਦੀ ਖਾਤਰ ਅਕਾਲੀ ਮੰਤਰੀਆਂ ਨੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਿਚ ਕੋਈ ਕਬਾਕੀ ਨਹੀ ਰਹਿਣ ਦਿੱਤੀ।
ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਖੇਤ ਦੀ ਰਾਖੀ ਲਈ ਲਗਾਈ ਵਾੜ ਖੇਤ ਨੂੰ ਖਾ ਰਹੀ ਹੈ।ਉਨ੍ਹਾਂ ਕਿਹਾ ਕਿ ਬੱਸ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਭੂ ਮਾਫੀਆ ਸਭ ਅਕਾਲੀ ਮੰਤਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਆਰਬਿਟ ਬਸਾਂ ਵਿਚ ਧੀਆਂ ਭੈਣਾਂ ਸੁਰਖਿਅਤ ਨਹੀ। ਪੰਜਾਬ ਵਿਚ ਕੇਬਲ ਨੈਟਵਰਕ ’ਤੇ ਕਾਬਜ਼ ਲੋਕਾਂ ਕਾਰਨ ਇਕ ਕੇਬਲ ਅਪਰੇਟਰ ਨੂੰ ਜ਼ਹਿਰ ਪੀਣਾ ਪਿਆ। ਹਜ਼ਾਰਾਂ ਲੋਕਾਂ ਦੇ ਕੰਮਾਂ ’ਤੇ ਜ਼ਬਰੀ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਪੈਸੇ ਦੀ ਭੁੱਖ ਕਾਰਨ ਪੰਜਾਬ ਵਿਚੋਂ ਉਦਯੋਗ ਬਾਹਰ ਜਾ ਰਹੇ ਹਨ ਤੇ ਨਵੇਂ ਉਦਯੋਗ ਪੰਜਾਬ ਵਲ ਮੂੰਹ ਕਰਨ ਲਈ ਤਿਆਰ ਨਹੀ ਹਨ। ਆਮ ਆਦਮੀ ਪਾਰਟੀ ਦੇ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੇ ਅਕਾਲੀ ਦਲ ਦੀ ਮਦਦ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੀਆਂ ਚੋਣਾ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਕੋਲ ਪੰਜਾਬ ਲਈ ਕੋਈ ਨੀਤੀਗਤ ਪ੍ਰੋਗਰਾਮ ਨਹੀ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਇਕ ਅਜਿਹੇ ਹਮਦਰਦ ਦੀ ਲੋੜ ਹੈ ਜੋ ਪੰਜਾਬੀਆਂ ਦੀਆਂ ਆਸਾਂ ’ਤੇ ਖ਼ਰਾ ਉਤਰ ਸਕੇ ਤੇ ਇਹ ਯੋਗਤਾ ਸਿਰਫ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿੱਚ ਹੀ ਹੈ।