ਅੰਮ੍ਰਿਤਸਰ, 11 ਫਰਵਰੀ (ਨਰਿੰਦਰ ਪਾਲ ਸਿੰਘ)– ਦਿੱਲੀ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਵਲੋਂ ਦਿੱਲੀ ਸਿੱਖ ਕਤਲੇਆਮ ਦੇ ਸਮੁਚੇ ਮਾਮਲੇ ਦੀ ਜਾਂਚ ਕਰਾਉਣ ਲਈ ਇਕ ਸਪੈਸ਼ਲ ਜਾਂਚ ਕਮਿਸ਼ਨ ਸਥਾਪਿਤ ਕੀਤੇ ਜਾਣ ਦੇ ਮਾਮਲੇ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਪ੍ਰਮੁੱਖ ਗਵਾਹ ਤੇ ਮੁਦੱਈ ਬੀਬੀ ਜਗਦੀਸ਼ ਕੌਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਬਾਰ-ਬਾਰ ਧੰਨਵਾਦ ਕਰਦਿਆਂ ਕਿਹਾ ਹੈ ਕਿ ਚਲੋ ਕਿਸੇ ਨੇ ਤਾਂ ਸਾਡੇ ਜਖਮਾਂ ਤੇ ਮਲ੍ਹਮ ਰੱਖਣ ਦੀ ਪਹਿਲ ਕੀਤੀ ਹੈ।ਅੱਜ ਇਥੇ ਆਪਣੀ ਰਿਹਾਇਸ਼ ਵਿਖੇ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਜੋ ਨਵੰਬਰ 1984 ਵਿੱਚ ਸਿੱਖਾਂ ਨਾਲ ਵਾਪਰਿਆ, ਉਸਨੂੰ ਯਾਦ ਕਰਦਿਆਂ ਅੱਜ ਵੀ ਗੱਚ ਭਰ ਆਉਂਦਾ ਹੈ, ਲੇਕਿਨ ਇਸ ਕਤਲੇਆਮ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਸ਼ਰੇਆਮ ਤੇ ਸ਼ਾਨ ਨਾਲ ਘੂੰਮਦੇ ਫਿਰਦੇ ਵੇਖ ਕਾਲਜੇ ਨੂੰ ਹੌਲ ਪੈਂਦਾ ਹੈ । ਉਨ੍ਹਾਂ ਕਿਹਾ ਕਿ ਕਤਲੇਆਮ ਪੀੜਤ ਪ੍ਰੀਵਾਰਾਂ ਨੂੰ ਕਿਧਰੇ ਬਹੁਤੀ ਤੇ ਕਿਧਰੇ ਘੱਟ, ਆਰਥਿਕ ਸਹਾਇਤਾ ਤੇ ਮੁੜ ਵਸੇਵਾਂ ਤਾਂ ਦੇਸ਼ ਵਿਦੇਸ਼ ਦੇ ਸਿੱਖਾਂ ਨੇ ਜਰੂਰ ਦਿੱਤਾ ਹੈ,ਅਨਗਿਣਤ ਗੈਰ ਸਰਕਾਰੀ ਸੰਸਥਾਵਾਂ ਨੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਲੇਕਿਨ 1984 ਵਿਚ ਮਿਲੇ ਜਖਮਾਂ ਨੂੰ ਮਲ੍ਹਮ ਲਾਉਣ ਲਈ ਆਮ ਆਦਮੀ ਪਾਰਟੀ ਨੇ ਮਹਿਜ਼ ਇੱਕ ਸਾਲ ਵਿਚ ਆਪਣੇ ਕੀਤੇ ਵਾਅਦੇ ਨੂੰ ਹਕੀਕਤ ਬਖਸ਼ੀ ਹੈ। ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ 30 ਅਪ੍ਰੈਲ 2013 ਨੂੰ ਦਿੱਲੀ ਦੀ ਇਕ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਸੁਣਾਏ ਜਾਣ ਤੇ ਮੇਰੇ (ਬੀਬੀ ਜਗਦੀਸ਼ ਕੌਰ) ਸਮੇਤ ਅਨਗਿਣਤ ਕਤਲੇਆਮ ਪੀੜਤ ਬੀਬੀਆਂ ਨੇ ਜਦ ਦੇਸ਼ ਦੇ ਕਾਨੂੰਨ ਵਿਚ ਹੀ ਬੇਭਰੋਸਗੀ ਪ੍ਰਗਟਾ ਦਿੱਤੀ ਤਾਂ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ, ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਜਰੂਰ ਦਿਵਾਏਗੀ । ਨਵੰਬਰ 84 ਦੇ ਸਿੱਖ ਕਤਲੇਆਮ ਵਿਚ ਭਾਜਪਾ ਤੇ ਆਰ.ਐਸ. ਐਸ. ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਬਾਰੇ ਪੁਛੇ ਜਾਣ ਤੇ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਦਿੱਲੀ ਦਾ ਇਲਾਕਾ ਰਜਿੰਦਰ ਨਗਰ ਇਸਦਾ ਗਵਾਹ ਹੈ ।ਅਜੇਹੇ ਆਗੂਆਂ ਖਿਲਾਫ ਮੁਢਲੇ ਤੌਰ ਤੇ 40 ਦੇ ਕਰੀਬ ਲਿਖਤੀ ਸ਼ਿਕਾਇਤਾਂ ਸਨ ਜੋ ਪੁਲਿਸ ਅਤੇ ਰਾਜਨੀਤਕ ਆਪਰਾਧੀਆਂ ਦੀ ਮਿਲੀ ਭੁਗਤ ਨਾਲ ਦਬਾਅ ਦਿੱਤੀਆਂ ਗਈਆਂ ।ਇਕ ਸਵਾਲ ਦੇ ਜਵਾਬ ਵਿਚ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸਪੈਸ਼ਲ ਜਾਂਚ ਕਮਿਸ਼ਨ ਦੀ ਮੰਗ ਤਾਂ ਸ਼੍ਰੋਮਣੀ ਅਕਾਲੀ ਦਲ ਇਕ ਲੰਮੇ ਸਮੇਂ ਤੋਂ ਕਰ ਰਿਹਾ ਸੀ, ਲੇਕਿਨ ਹੁਣ ਇਸਦਾ ਵਿਰੋਧ ਕਿਉ, ਇਹ ਤਾਂ ਅਕਾਲੀ ਦਲ ਹੀ ਦੱਸ ਸਕਦਾ ਹੈ । ਦਿੱਲੀ ਵਿਖੇ ਨਵੰਬਰ 84 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਉਸਾਰੀ ਜਾਣ ਵਾਲੀ ਯਾਦਗਾਰ ਦਾ ਜਿਕਰ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਇਹ ਯਾਦਗਾਰ ਇਕ ਮਿਸਾਲ ਹੋਣੀ ਚਾਹੀਦੀ ਹੈ, ਜਿਥੇ ਕਤਲੇਆਮ ਦੌਰਾਨ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਤੇ ਪਤੇ ਵੀ ਦਰਜ ਹੋਣ । ਉਨ੍ਹਾਂ ਕਿਹਾ ਕਿ ਯਾਦਗਾਰ ਨੂੰ ਮਹਿਜ਼ ਇੱਕ ਫੁੱਲ ਦਾ ਨਕਸ਼ਾ ਬਣਾਕੇ ਸਮੇਟ ਦੇਣਾ ਕਦਾਚਿਤ ਜਾਇਜ ਨਹੀ ਹੈ, ਕਿਉਂਕਿ ਮਾਰੇ ਗਏ ਲੋਕਾਂ ਬਾਰੇ ਜਾਣਕਾਰੀ ਤੋਂ ਬਿਨ੍ਹਾਂ ਇਹ ਯਾਦਗਾਰ ਕੋਈ ਅਰਥ ਨਹੀ ਰੱਖਦੀ ।
ਕੁੱਝ ਦਿਨ ਪਹਿਲਾਂ ਹੀ ਕਨੇਡਾ ਦੇ ਸ਼ਹਿਰ ਟੋਰਾਂਟੋ, ਬਰੈਂਪਟਨ, ਐਡਮਿੰਟਨ,ਕੈਲਗਰੀ, ਮਾਂਟਰੀਆਲ ਦੀ ਫੇਰੀ ਤੋਂ ਪਰਤੀ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਕਨੇਡਾ ਦੇ ਸਿੱਖ ਤੇ ਵਿਸ਼ੇਸ਼ ਤੌਰ ਤੇ ਨੌਜੁਆਨ ਤੇ 12-14 ਸਾਲ ਦੇ ਬੱਚੇ, ਸਿੱਖ ਨਸਲਕੁਸ਼ੀ ਦੀ ਦਾਸਤਾਨ ਸੁਨਣ ਤੇ ਮਹਿਸੂਸ ਕਰਨ ਲਈ ਸਾਹਮਣੇ ਆਏ । ਇਕ ਸਵਾਲ ਦੇ ਜਵਾਬ ਵਿਚ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਕਈ ਬੱਚੇ ਤਾਂ ਇਹ ਪੁੱਛਦੇ ਰਹੇ ਕਿ ‘ਤੁਹਾਡੀ ਹੱਡਬੀਤੀ ਸੁਣ ਕੇ ਹੀ ਸਾਡੇ ਦਿੱਲ ਦਹਿਲ ਰਹੇ ਹਨ, ਤੁਸੀਂ ਪਤਾ ਨਹੀ ਕਿਸ ਤਰ੍ਹਾਂ ਸਭ ਕੁੱਝ ਆਪਣੇ ਤਨ ਤੇ ਮਨ ਤੇ ਹੰਢਾਇਆ ਹੈ । ਇਸ ਵਿਦੇਸ਼ ਫੇਰੀ ਦੌਰਾਨ ਬੀਬੀ ਜਗਦੀਸ਼ ਕੌਰ ਦੇ ਸਪੁੱਤਰ ਗੁਰਦੀਪ ਸਿੰਘ ਗੋਲਡੀ ਵੀ ਉਨ੍ਹਾ ਦੇ ਨਾਲ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …