ਅੰਮ੍ਰਿਤਸਰ, 11 ਫਰਵਰੀ (ਨਰਿੰਦਰ ਪਾਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਸਾਫ ਕਿਹਾ ਹੈ ਕਿ ‘ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀਆਂ ਟਿਕਟਾਂ ਕਾਰਣ ਹੀ ਕਮੇਟੀ ਦੇ ਮੈਂਬਰ, ਅਹੁਦੇਦਾਰ ਤੇ ਪ੍ਰਧਾਨ ਬਣੇ ਹਾਂ, ਇਥੇ ਫੈਸਲੇ ਅਕਾਲੀ ਦਲ ਦੀ ਸਲਾਹ ਮਸ਼ਵਰੇ ਨਾਲ ਹੀ ਲਏ ਜਾਂਦੇ ਹਨ ‘ਲੇਕਿਨ ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਸਥਿਤ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਵਿੱਖੇ ਕਿਸ ਦੇ ਹੁਕਮ ਜਾਂ ਸਲਾਹ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣ ਤੇ ਰੋਕ ਲਗਾਈ ਗਈ ਸੀ ਤਾਂ ਪ੍ਰਧਾਨ ਸਾਹਿਬ ਨੇ ਇਸ ਨੂੰ ਪ੍ਰਬੰਧਕੀ ਨੁਕਤਾ ਦੱਸ ਕੇ ਟਾਲ ਦਿੱਤਾ।ਸ੍ਰ. ਮੱਕੜ ਨੇ ਪੰਜਾਬ ਸਰਕਾਰ ਵਲੋਂ ਤੰਬਾਕੂ ਉਤਪਾਦਾਂ ਤੇ ਵੈਟ ਘਟਾਉਣ ਦੇ ਫੈਸਲੇ ਨੂੰ ਵੀ ਗਲਤ ਕਰਾਰ ਦਿੱਤਾ ਹੈ । ਤਬਾਕੂ ਉਤਪਾਦਾਂ ਤੇ ਵੈਟ ਘਟਾਉਣ ਦੇ ਫੈਸਲੇ ਤੇ ਟਿਪਣੀ ਕਰਦਿਆਂ ਸ੍ਰ. ਮੱਕੜ ਨੇ ਕਿਹਾ ਕਿ ਅਜੇਹੇ ਉਤਪਾਦਾਂ ‘ਤੇ ਵੈਟ ਵਧਾਉਣੀ ਚਾਹੀਦੀ ਹੈ ਤਾਂ ਜੋ ਇਹ ਲੋਕਾਂ ਤੋਂ ਹੋਰ ਦੂਰ ਹੋ ਸਕਣ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਸਕੱਤਰ ਸ੍ਰ. ਦਿਲਮੇਘ ਸਿੰਘ, ਰੂਪ ਸਿੰਘ, ਮਨਜੀਤ ਸਿੰਘ, ਸਤਬੀਰ ਸਿੰਘ ਅਤੇ ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਬੇਦੀ ਵੀ ਮੌਜੂਦ ਸਨ।