ਅੰਮ੍ਰਿਤਸਰ, 9 ਫਰਵਰੀ (ਪ੍ਰੀਤਮ ਸਿੰਘ)- 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਵਾਹਿਗੁਰੂ ਸਿਮਰਨ ਜਾਪ, ਜਪੁਜੀ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਮੂਲਮੰਤਰ ਦੇ ਪਾਠਾਂ ਦੀਆਂ ਹਾਜਰੀਆਂ ਲਾਈਆਂ ਸਨ, ਦੀਆਂ ਵੱਖ-ਵੱਖ ਸਮਾਗਮਾਂ ਦੌਰਾਨ 13 ਅਰਦਾਸਾਂ ਹੋਈਆਂ।ਭਾਈ ਸਾਹਿਬ ਨੇ ਕਿਹਾ ਕਿ ਹੁਣ 14 ਵਾਂ ਸ਼ੁਕਰਾਨਾ ਅਰਦਾਸ ਸਮਾਗਮ 15 ਫਰਵਰੀ ਨੂੰ ਸਥਾਨਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਹੋਵੇਗਾ।
ਇਸ ਸਮਾਗਮ ਸਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਸਾਹਿਬ ਨੇ ਦੱਸਿਆ ਕਿ 14ਵੇਂ ਸ਼ੁਕਰਾਨਾ ਅਰਦਾਸ ਸਮਾਗਮ ਨੂੰ ਸਮਰਪਿਤ 13, 14 ਅਤੇ 15 ਫਰਵਰੀ ਨੂੰ ਦਿਨ ਦੇ ਸਮੇਂ ਦੇ ਜਪ-ਤਪ ਸਮਾਗਮ ਕਰਵਾਏ ਜਾ ਰਹੇ ਹਨ।ਜਿੰਨਾਂ ਵਿੱਚ ਵਾਹਿਗੁਰੂ ਸਿਮਰਨ ਜਾਪ, ਮੂਲਮੰਤਰ ਅਤੇ ਜਪੁਜੀ ਸਾਹਿਬ ਦੇ ਪਾਠਾਂ ਦੀਆਂ ਸੰਗਤਾਂ ਵੱਲੋਂ ਜਪ-ਤਪ ਦੀਆਂ ਹਾਜਰੀਆਂ ਲਗਾਈਆਂ ਜਾਣਗੀਆਂ ਅਤੇ ਰੋਜਾਨਾ 3.00 ਵਜੇ ਤੋਂ ਸ਼ਾਮ 6.00 ਵਜੇ ਤੱਕ ਕਥਾ ਕੀਰਤਨ ਦੇ ਦੀਵਾਨ ਵੀ ਸਜਾਏ ਜਾਣਗੇ।ਜਿੰਨਾਂ ਵਿੱਚ ਉਨਾਂ ਤੋਂ ਇਲਾਵਾ ਵੱਖ ਵੱਖ ਕੀਰਤਨੀ ਜਥੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਕਿਹਾ ਕਿ ਅਰਦਾਸ ਸਮਾਗਮ 15 ਫਰਵਰੀ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਸ਼ਾਮ 5.00 ਵਜੇ ਤੋਂ ਰਾਤ 12.00 ਵਜੇ ਤੱਕ ਹੋਵੇਗਾ।ਜਿਸ ਵਿੱਚ ਸੰਤ ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲੇ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਿਸ਼ੇਸ਼ ਤੌਰ ‘ਤੇ ਹਾਜਰੀ ਲਵਾਉਣਗੇ ਅਤੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕਰਨਗੇ।ਉਪਰੰਤ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ ਅਰਦਾਸ ਹੋਵੇਗੀ।