ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਕੋਸ਼ਿਸ਼ਾਂ ਜਾਰੀ- ਬਰਾੜ
ਵਿਨੀਤ ਅਰੋੜਾ
ਪੱਤਰਕਾਰ ਫਾਜ਼ਿਲਕਾ
3 ਜਨਵਰੀ 2017 ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ (ਸਕੈਂਡਰੀ ਸਿੱਖਿਆ) ਦਾ ਕਾਰਜਭਾਰ ਸੰਭਾਲਣ ਵਾਲੇ ਪ੍ਰਗਟ ਸਿੰਘ ਬਰਾੜ ਨੂੰ 4 ਫਰਵਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ (ਐਲੀ.ਸਿ) ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।ਪ੍ਰਭਾਵਸ਼ਾਲੀ ਰਚਨਾਤਮਕ ਤਰੀਕਿਆਂ ਰਾਹੀਂ ਨਵੇਂ ਆਯਾਮ ਕਾਇਮ ਕਰਦਿਆਂ ਸਿੱਖਿਆ ਵਿੱਚ ਸੁਧਾਰ ਲਿਆਉਣ ਵਾਲੇ ਪ੍ਰਗਟ ਸਿੰਘ ਬਰਾੜ ਨਾਲ ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਹੋਂਈ ਗੱਲਬਾਤ ਦੇ ਕੁੱਝ ਅੰਸ਼ ਆਪ ਜੀ ਨਾਲ ਸਾਂਝੇ ਕਰਨ ਦੀ ਖੁਸ਼ੀ ਹਾਸਲ ਕਰ ਰਹੇ ਹਾਂ।
ਸਵਾਲ : ਤੁਹਾਡੇ ਆਉਣ ਤੋ ਬਾਅਦ ਫਾਜ਼ਿਲਕਾ ਵਿਖੇ ਸਿੱਖਿਆ ਖੇਤਰ ਵਿੱਚ ਕੀ ਸੁਧਾਰ ਹੋਏ ਹਨ?
ਜਵਾਬ : ਮੇਰੇ ਇਹ ਅਹੁੱਦਾ ਸੰਭਾਲਣ ਤੋਂ ਬਾਅਦ ਸਕੂਲਾਂ ਵਿਚ ਹੋਰ ਜ਼ਿਆਦਾ ਅਨੁਸ਼ਾਸਨ ਕਾਇਮ ਹੋਇਆ ਹੈ।ਹੁਣ ਤੱਕ ਕਈ ਸਕੈਂਡਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਹੈ। ਇਸ ਦੌਰਾਨ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਮੋਜੂਦਗੀ ਨੂੰ ਸਹੀ ਪਾਇਆ ਗਿਆ ਅਤੇ ਸਾਰੇ ਰਿਕਾਰਡ ਵੀ ਸਹੀ ਪਾਏ ਹਨ। ਸਾਰੇ ਸਕੂਲ ਅਧਿਆਪਕ ਸਮੇਂ ਸਿਰ ਸਕੂਲ ਆ ਰਹੇ ਹਨ ਪਰ ਕੁੱਝ ਸਕੂਲਾਂ ਵਿੱਚ ਵਿਦਿਆਰਥੀ ਹੀ ਸਵੇਰ ਵੇਲੇ ਲੇਟ ਪਾਏ ਗਏ ਹਨ ਅਤੇ ਉਹਨਾਂ ਨੂੰ ਸਮੇਂ ਦਾ ਪਾਬੰਦ ਹੋਣ ਲਈ ਕਿਹਾ ਗਿਆ ਹੈ।ਇਸ ਤੋ ਇਲਾਵਾ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵਾਟਰ ਕੰਜ਼ਰਵੇਸ਼ਨ ਪਲਾਂਟ ਅਤੇ ਹਰੀ ਖਾਦ ਬਣਾਉਣ ਸਬੰਧੀ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਸਵਾਲ : ਅਧਿਆਪਕਾਂ ਤੋ ਨਾਨ ਟੀਚਿੰਗ ਕੰਮ ਵੀ ਲਿਆ ਜਾਂਦਾ ਹੈ, ਤੁਸੀ ਇਸ ਨੂੰ ਰੋਕਣ ਲਈ ਕੀ ਉਪਰਾਲੇ ਕਰ ਰਹੇ ਹੋ?
ਜਵਾਬ : ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਅਧਿਆਪਕ ਦਾ ਕੰਮ ਸਿਰਫ ਬੱਚਿਆਂ ਨੂੰ ਪੜਾਉਂਣ ਦਾ ਹੋਣਾ ਚਾਹੀਂਦਾ ਹੈ, ਪਰ ਸਾਡੇ ਅਧਿਆਪਕਾਂ ਤੋ ਕਈ ਗੈਰ ਸਿੱਖਿਅਕ ਕੰਮ ਵੀ ਕਰਵਾਏ ਜਾਂਦੇ ਹਨ। ਮੈਂ ਨਿੱਜੀ ਤੋਰ ਤੇ ਇਸ ਵਾਧੂ ਕੰਮ ਦੇ ਭਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਛੇਤੀ ਹੀ ਮਿੱਡ ਡੇ ਮੀਲ ਦੇ ਕੰਮ ਨੂੰ ਐਕਸਲ ਦੇ ਪਰਫੋਰਮੇ ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਕੰਡਰੀ ਅਧਿਆਪਕ ਸਾਰਾ ਡਾਟਾ ਆਪਣੇ ਸਕੂਲ ਦੇ ਕੰਪਿਊਟਰ ਦੇ ਵਿਚ, ਪ੍ਰਾਇਮਰੀ ਅਧਿਆਪਕ ਸੈਂਟਰ ਸਕੂਲ ਜਾਂ ਫਿਰ ਬੀਪੀਓ ਆਫਿਸ ਦੇ ਕੰਪਿਊਟਰ ਦੇ ਐਕਸਲ ਸ਼ੀਟ ਦੇ ਵਿਚ ਭਰ ਕੇ ਜ਼ਿਲ੍ਹਾਂ ਸਿੱਖਿਆ ਦਫਤਰ ਨੂੰ ਮੇਲ ਦੇ ਰਾਹੀ ਭੇਜ ਸਕਣਗੇ।ਇਸ ਤੋ ਇਲਾਵਾਂ ਮੇਰੀ ਪੁਰੀ ਕੋਸ਼ਿਸ਼ ਹੋਂਏਗੀ ਕਿ ਅਧਿਆਪਕਾਂ ਤੋ ਸਿਰਫ ਪੜਾਉਂਣ ਦਾ ਕੰਮ ਹੀ ਲਿਆ ਜਾਂਵੇ।
ਸਵਾਲ : ਅਧਿਆਪਕ ਅਤੇ ਦੁਜੇ ਕਰਮਚਾਰੀਆਂ ਲਈ ਹੋਰ ਕੀ ਸਹੂਲਤਾਂ ਦੇ ਰਹੇ ਹੋ ?
ਜਵਾਬ : ਅਪ੍ਰੈਲ ਤੋਂ ਇਸ ਤਰ੍ਹਾਂ ਦੀ ਵਿਵਸਥਾ ਕਰ ਦਿੱਤੀ ਜਾਵੇਗੀ ਕਿ ਕਿਸੇ ਵੀ ਕਰਮਚਾਰੀ ਨੂੰ ਆਪਣਾ ਕੰਮ ਕਰਵਾਉਣ ਲਈ ਦਫ਼ਤਰ ਦੇ ਚੱਕਰ ਨਹੀ ਲਾਉਣੇ ਪੈਣਗੇ।ਹਰੇਕ ਕਰਮਚਾਰੀ ਆਪਣੇ ਕੰਮ ਦੀ ਸਕੈਨ ਕਾਪੀ ਡੀ.ਈ.ਓ ਆਫ਼ਿਸ ਦੇ ਆਨਲਾਈਨ ਪੋਰਟਲ ਨੂੰ ਭੇਂਜ ਸਕੇਗਾ।ਜੇਕਰ ਉਸ ਦਾ ਕੰਮ ਡੀ.ਈ.ਓ ਦਫਤਰ ਦੇ ਰਾਹੀਂ ਹੱਲ ਹੋਣ ਵਾਲਾ ਹੋਵੇਗਾ ਤਾ ਉਸ ਕੰਮ ਨੂੰ 48 ਘੰਟੇ ਵਿੱਚ ਹੱਲ ਕੀਤਾ ਜਾਵੇਗਾ ਅਤੇ ਜੇਕਰ ਉਹ ਅੱਗੇ ਭੇਜਣ ਵਾਲਾ ਹੋਵੇਗਾ ਤਾਂ ਅੱਗੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਕੰਮ ਨਾ ਹੋਣ ਵਾਲਾ ਹੋਇਆ ਤਾਂ ਵਾਪਸ ਸਕੂਲ ਨੂੰ ਭੇਜ ਦਿੱਤਾ ਜਾਵੇਗਾ।ਇਸ ਤੋ ਇਲਾਵਾ ਛੇਤੀ ਹੀ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਂਣ ਦੇ ਲਈ ਜ੍ਹਿਲਾ ਪੱਧਰੀ ਕਮੇਟੀ ਵੀ ਬਣਾਈ ਜਾਂਏਗੀ ਅਤੇ ਇਸ ਕਮੇਟੀ ਦੀ ਨਿਗਰਾਨੀ ਹੇਠਾਂ ਸ਼ਿਕਾਇਤ ਸੈਲ ਦੀ ਸਥਾਪਨਾ ਵੀ ਕੀਤੀ ਜਾਵੇਗੀ, ਜਿਸ ਵਿੱਚ ਕੋਈ ਵੀ ਅਧਿਆਪਕ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ ਅਤੇ 48 ਘੰਟੇਆ ਦੇ ਅੰਦਰ ਅੰਦਰ ਉੁਸਦੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
ਸਵਾਲ: ਵਿਦਿਆਰਥੀਆਂ ਲਈ ਤੁਹਾਡੇ ਕੋਲ ਕੀ ਯੋਜਨਾਵਾਂ ਹਨ?
ਜਵਾਬ : ਵਿਨੀਤ ਜੀ, ਮੇਰਾ ਮੁੱਖ ਟੀਚਾ ਹੀ ਵਿਦਿਆਰਥੀ ਵਰਗ ਲਈ ਵੱਧ ਤੋ ਵੱਧ ਕੰਮ ਕਰਨਾ ਹੈ ਇਸੇ ਕਰਕੇ ਹੀ ਐਜੂਕੇਸ਼ਨ ਸੈਕਟਰੀ ਸ੍ਰੀ ਵਿਜਰਾ ਲਿੰਗਮ ਦੇ ਹੁਕਮਾਂ ਨਾਲ ਦਫ਼ਤਰਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਰੀਲੀਵ ਕਰਕੇ ਵਾਪਸ ਉਨ੍ਹਾਂ ਦੇ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿਚ ਕੋਈ ਵੀ ਕਮੀ ਕਸਰ ਨਾ ਰਹਿ ਸਕੇ।ਫਰਵਰੀ-ਮਾਰਚ ਵਿੱਚ ਸੁਰੂ ਹੋ ਰਹੀਆਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਅਸੀਂ ਸਕੂਲ ਮੁਖੀਆਂ ਅਤੇ ਵਿਸ਼ਾ ਮਾਹਿਰਾਂ ਨਾਲ ਮਿਲ ਕੇ ਬੱਚਿਆ ਲਈ ਮੋਕ ਟੈਸਟ ਅਤੇ ਰਵੀਜਨ ਪੇਪਰ ਤਿਆਰ ਕੀਤੇ ਹਨ।ਇਸ ਦੇ ਨਾਲ ਹੀ ਪ੍ਰੀਖਿਆਂ ਖਤਮ ਹੋਣ ਤੋ ਬਾਅਦ ਵਿਦਿਆਰਥੀਆਂ ਨੂੰ ਕੰਪਿਟੀਟਿਵ ਟੈਸਟਾਂ ਦੀ ਤਿਆਰੀ ਕਰਵਾਂਉਣ ਦੇ ਲਈ ਮੁਫਤ ਕੋਚਿੰਗ ਕਲਾਸਾਂ ਸੁਰੂ ਕੀਤੀਆਂ ਜਾਣ ਗਿਆ, ਜਿਸ ਵਿੱਚ ਵਿਸ਼ਾ ਮਾਹਿਰ ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਵੱਖ ਵੱਖ ਟੈਸਟਾਂ ਦੀ ਤਿਆਰੀ ਕਰਵਾਈ ਜਾਏਗੀ।ਇਸ ਤੋ ਇਲਾਵਾ ਮੈਂ ਲੜਕੀਆਂ ਨੂੰ ਵੱਧ ਤੋ ਵੱਧ ਸਿੱਖਿਆ ਅਤੇ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਲਈ ਵੀ ਯਤਨ ਕਰ ਰਿਹਾ ਹਾਂ।ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜਪੁਰ, ਅਸੀਂ ਮਮਦੋਟ ਬਲਾਕ ਵਿਖੇ ਕੁੜੀਆਂ ਦੇ ਲਈ ਇਕ ਖਾਸ ਸਕੂਲ ਬਣਵਾਇਆ ਸੀ।ਜਿਸ ਲਈ 12 ਕਿਲ਼ੇ ਜਮੀਨ ਅਤੇ 2 ਕਰੌੜ ਦੀ ਗ੍ਰਾਂਟ, ਗਰਲਜ਼ ਸਕੂਲ ਜੀਰਾਂ ਲਈ 40 ਲੱਖ ਅਤੇ ਗਰਲਜ਼ ਸਕੂਲ ਮੱਖੂ ਲਈ 15 ਲੱਖ ਦੀ ਗ੍ਰਾਂਟ ਮੈਂ ਆਪ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾ ਤੋ ਮੰਜੂਰ ਕਰਵਾਕੇ ਲਿਆਈਆ ਸੀ।ਹੁਣ ਵੀ ਮੇਰੀ ਇਾਹੀ ਕੋਸ਼ਿਸ਼ ਹੈ ਕਿ ਇਥੇ ਵੀ ਲੜਕੀਆਂ ਦੀ ਸਿੱਖਿਆ ਲਈ ਵੱਧ ਤੋ ਵੱਧ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣ। ਲੜਕਿਆਂ ਲਈ ਵੀ ਪੜਾ੍ਹਈ ਦੇ ਨਾਲ ਨਾਲ ਕਿੱਤਾ ਮੁਖੀ ਕੋਰਸਾਂ ਅਤੇ ਖੇਡਾਂ ਵਿੱਚ ਹਿੱਸੇਦਾਰੀ ਵਧਾਉਣ ਲਈ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਜਾਗਰੂਕ ਕੀਤਾ ਜਾਵੇ।
ਸਵਾਲ : ਆਪਣੇ ਦਫ਼ਤਰ ਦੇ ਜੋ ਕਰਮਚਾਰੀ ਤੁਸੀਂ ਰੀਲੀਵ ਕਰਕੇ ਸਕੂਲ ਭੇਜੇ ਹਨ, ਕੀ ਉਹਨਾਂ ਦੇ ਜਾਣ ਨਾਲ ਦਫ਼ਤਰੀ ਕੰਮ ਵਿੱਚ ਰੁਕਾਵਟ ਨਾ ਆਏਗੀ ?
ਜਵਾਬ : ਬਿਲਕੁਲ ਨਹੀ ਜੀ, ਕੋਈ ਰੁਕਾਵਟ ਨਹੀ ਆਏਗੀ।ਜੋ ਕਰਮਚਾਰੀ ਰੀਲੀਵ ਕੀਤੇ ਹਨ ਉਹ ਸਾਰੇ ਅਧਿਆਪਕ ਹਨ। ਉਹਨਾਂ ਦੇ ਦਫ਼ਤਰ ਵਿੱਚ ਹੋਣ ਨਾਲ ਉਹਨਾਂ ਦੇ ਸਕੂਲ ਦੇ ਵਿਦਿਆਥੀਆਂ ਦੀ ਪੜਾ੍ਹਈ ਪ੍ਰਭਾਵਿਤ ਹੋ ਰਹੀ ਸੀ।ਇਸੇ ਕਰਕੇ ਉਹਨਾਂ ਨੂੰ ਵਾਪਸ ਸਕੂਲ ਭੇਜਿਆ ਗਿਆ ਹੈ।ਨਾਲੇ ਮੈਂ ਪਹਿਲਾ ਹੀ ਕਹਿ ਚੁਕਿਆ ਹਾਂ ਕਿ ਮੇਰੀ ਕੋਸ਼ਿਸ਼ ਹੈ ਕਿ ਅਧਿਆਪਕਾਂ ਤੋ ਸਿਰਫ਼ ਪੜਾ੍ਹਉਣ ਦਾ ਕੰਮ ਹੀ ਲਿਆ ਜਾਵੇ। ਰਹੀ ਗੱਲ ਦਫ਼ਤਰੀ ਕੰਮ ਵਿੱਚ ਰੁਕਾਵਟ ਆਉਂਣ ਦੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਣਾ ਕਿ ਇਸ ਸਟਾਫ ਦੀ ਥਾਂ `ਤੇ ਉਨ੍ਹਾਂ ਸਕੂਲਾਂ ਦੇ ਕਲਰਕਾ ਜਾਂ ਨਾਨ ਟੀਚਿੰਗ ਸਟਾਫ ਨੂੰ ਲਗਾਇਆ ਗਿਆ ਹੈ, ਜਿੱਥੇ ਕੰਮ ਜਿਆਦਾ ਨਹੀਂ ਹੈ।
ਸਵਾਲ : ਪ੍ਰੀਖਿਆ ਵਿੱਚ ਨਕਲ ਰੋਕਣ ਲਈ ਤੁਸੀਂ ਕੀ ਉਪਰਾਲੇ ਕੀਤੇ ਹਨ?
ਜਵਾਬ : ਨਕਲ ਇਕ ਸਰਾਪ ਹੈ ਜੋ ਵਿਦਿਆਰਥੀ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿਂਦਾ ਹੈ।ਪ੍ਰੀਖਿਆ ਵਿੱਚ ਨਕਲ ਰੋਕਣ ਦੇ ਲਈ ਇਸ ਵਾਰ ਅਸੀਂ ਕਈ ਠੋਸ ਕਦਮ ਚੁੱਕੇੇ ਹਨ।ਅਸੀਂ ਇਕ ਨਕਲ ਵਿਰੋਧੀ ਕਮੇਟੀ ਬਣਾਈ ਹੈ ਜਿਸ ਵਿੱਚ ਮੈਂ ਖੁਦ, ਡਿਪਟੀ ਡੀ.ਈ.ਓ, ਜਲਾਲਾਬਾਦ ਤੋ ਮੈਡਮ ਚੰਦਰਕਲਾ, ਅਬੋਹਰ ਤੋ ਸਚਦੇਵਾ ਅਤੇ ਕੁੱਝ ਹੋਰ ਅਧਿਕਾਰੀ ਸ਼ਾਮਲ ਹਨ ਅਤੇ ਅਸੀਂ ਪ੍ਰੀਖਿਆ ਕੇਂਦਰਾਂ ਵਿੱਚ ਤੈਨਾਤ ਕਰਨ ਵਾਲੇ ਸੁਪਰੀਟੈਂਡੇਟ, ਸੁਪਰਵਾਈਜਰ ਅਤੇ ਫਲਾਈਂਗ ਟੀਮਾਂ ਦੀ ਚੋਣ ਉਹਨਾਂ ਦੇ ਪੁਰਾਨੇ ਰਿਕਾਰਡ ਨੂੰ ਸਾਹਮਣੇ ਰੱਖ ਕੇ ਕਰਾਂਗੇ।ਇਸ ਨੇ ਨਾਲ ਨਾਲ ਸਾਡੀ ਟੀਮ ਆਪ ਵੀ ਵੱਖ ਵੱਖ ਪ੍ਰੀਖਿਆਂ ਕੇਂਦਰਾਂ ਦਾ ਅਚਨਚੇਤ ਨਿਰੀਖਣ ਕਰੇਗੀ ਅਤੇ ਨਕਲ ਕਰਣ ਵਾਲੇ ਜਾਂ ਨਕਲ ਕਰਵਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਏਗੀ।
ਸਵਾਲ : ਟਿਊਸ਼ਨਖੋਰ ਅਤੇ ਫਰਲੋ `ਤੇ ਰਹਿਣ ਵਾਲੇ ਅਧਿਆਪਕਾਂ ਖਿਲਾਫ਼ ਕਿੳਂੁ ਨਹੀ ਕਰਦੇ ਕਾਰਵਾਈ?
ਜਵਾਬ : ਸਰਕਾਰ ਵੱਲੋ ਸਖ਼ਤ ਹਿਦਾਇਤਾਂ ਹਨ ਕਿ ਕੋਈ ਵੀ ਸਰਕਾਰੀ ਅਤੇ ਏਡਿਡ ਸਕੂਲ ਦਾ ਅਧਿਆਪਕ ਟਿਊਸ਼ਨ ਵਰਕ ਨਹੀਂ ਕਰੇਗਾ।ਪਰ ਜੇਕਰ ਕੋਈ ਅਧਿਆਪਕ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ।ਮੈਂ ਕੁੱਝ ਦਿਨਾਂ ਤੋ ਚੋਣ ਡਿਉਟੀ ਵਿੱਚ ਵਿਅਸੱਤ ਸੀ, ਜਿਸ ਕਾਰਨ ਇਸ ਪਾਸੇ ਜਿਆਦਾ ਧਿਆਨ ਨਹੀ ਦੇ ਪਾਇਆ। ਪਰ ਹੁਣ ਅਜਿਹੇ ਅਧਿਆਪਕਾਂ ਦੀ ਸੁਚੀ ਮੈਂ ਆਪ ਤਿਆਰ ਕਰਾਂਗਾ ਜੋ ਸਰਕਾਰੀ ਨੋਕਰੀ ਦੇ ਬਾਵਜੂਦ ਵੀ ਨਿੱਜੀ ਟਿਊਸ਼ਨ ਪੜਾ੍ਹਉਂਦੇ ਹਨ ਜਾਂ ਆਪਣੇ ਸਕੂਲਾਂ ਤੋ ਗੈਰਹਾਜਰ ਹੋ ਕੇ ਆਪਣੀ ਡਿਉਟੀ ਅਤੇ ਬੱਚਿਆਂ ਦੇ ਭਵਿੱਖ ਨਾਲ ਬੇਇਨਸਾਫ਼ੀ ਕਰਦੇ ਹਨ।ਮੇਰੀ ਪੱਤਰਕਾਰ ਵੀਰਾਂ ਅੱਗੇ ਵੀ ਇਹ ਬੇਨਤੀ ਹੈ ਕਿ ਜੇਕਰ ਕੋਈ ਵੀ ਅਜਿਹਾ ਗੈਰ ਜਿੰਮੇਵਾਰ ਅਧਿਆਪਕ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਦੀ ਸੁਚਨਾ ਮੈਂਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਉਸ ਦੇ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾ ਸਕੇ।
ਸਵਾਲ : ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਤੁਸੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਜਵਾਬ : ਵਿਦਿਆਰਥੀਆਂ ਲਈ ਮੇਰਾ ਸੰਦੇਸ਼ ਇਹ ਹੈ ਕੀ ਨਕਲ ਸੱਭ ਤੋ ਵੱਡਾ ਕੋਹੜ ਹੈ, ਇਸ ਦਾ ਤਿਆਗ ਕਰੋ।ਇਹ ਸਫ਼ਲਤਾ ਦਾ ਕੋਈ ਸ਼ਾਰਟਕਟ ਨਹੀ ਹੈ।ਸਿਰਫ਼ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਹੀ ਆਕਾਸ਼ ਦੀਆਂ ਬੁਲੰਦਿਆਂ ਨੂੰ ਛੂਹਿਆ ਜਾ ਸਕਦਾ ਹੈ। ਅਧਿਆਪਕ ਸਾਥੀਆਂ ਲਈ ਮੇਰਾ ਸੰਦੇਸ਼ ਇਹ ਹੈ ਕਿ ਆਪਣੇ ਫ਼ਰਜ ਨੂੰ ਪੁਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਮੇਰਾ ਸਹਿਯੋਗ ਹਮੇਸ਼ਾਂ ਤੁਹਾਡੇ ਨਾਲ ਹੋਵੇਗਾ। ਮਾਪਿਆਂ ਲਈ ਸੰਦੇਸ਼ ਇਹ ਹੈ ਕਿ ਧੀਆਂ ਨੂੰ ਵੱਧ ਤੋ ਵੱਧ ਪੜ੍ਹਾਉਣ ਤਾਂ ਜੋ ਇਕ ਸਿੱਖਿਅਕ ਸਮਾਜ ਦਾ ਨਿਰਮਾਣ ਹੋ ਸਕੇ।ਇਸ ਤੋ ਇਲਾਵਾ ਤੁਹਾਡੇ ਅਖਬਾਰ ਦੇ ਰਾਹੀ ਮੈਂ ਫਾਜ਼ਿਲਕਾ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਫਾਜ਼ਿਲਕਾ ਵਾਸੀ ਜਲਦ ਤੋਂ ਜਲਦ ਨਵੋਦਿਆ ਸਕੂਲ ਦੀ ਸਥਾਪਨਾ ਕਰਵਾਉਣ ਲਈ ਸਰਕਾਰ ਦਾ ਸਹਿਯੋਗ ਕਰਨ। ਇਸ ਨਵੋਦਿਆ ਸਕੂਲ ਵਿਚ ਆਧੁਨਿਕ ਸਿੱਖਿਆ ਦੇ ਸਾਰੇ ਪ੍ਰਬੰਧ ਹੋਣਗੇ ਅਤੇ ਵਿਦਿਆਰਥੀਆਂ ਦੇ ਰਹਿਣ, ਖਾਣ-ਪੀਣ ਅਤੇ ਪੜਾ੍ਹਈ ਆਦਿ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪ੍ਰਗਟ ਸਿੰਘ ਬਰਾੜ ਦਾ ਜਨਮ ਦਸ਼ਮ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਮੋਗਾ ਦੇ ਪਿੰਡ ਦੀਨਾ ਸਾਹਿਬ (ਜਿਥੇ ਗੁਰੂ ਜੀ ਨੇ ਜ਼ਫਰਨਾਮਾ ਲਿਖਿਆ ਸੀ) ਵਾਸੀ ਸਾਬਕਾ ਆਰਮੀ ਅਫ਼ਸਰ ਅਤੇ ਬੀ.ਐਸ.ਐਨ.ਐਲ ਦੇ ਰਿਟਾਇਰਡ ਸੀਨੀਅਰ ਅਸਿਸਟੈਂਟ ਸਵਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਜਸਬੀਰ ਕੌਰ ਦੇ ਘਰ 30 ਨਵੰਬਰ 1976 ਨੂੰ ਹੋਇਆ।ਇਹ ਦੋ ਭੈਣਾਂ ਦੇ ਇਕਲੋਤੇ ਭਰਾ ਹਨ।ਬਰਾੜ ਦਾ ਆਪਣਾ ਛੋਟਾ ਜਿਹਾ ਪਰਿਵਾਰ ਹੈ, ਇਸ ਵਿੱਚ ਇਹਨਾਂ ਦੀ ਧਰਮ ਪਤਨੀ ਸੁਖਵੀਰ ਕੌਰ, ਜੋ ਕਿ ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ ਵਿਖੇ ਹੈਡ ਮਿਸਟ੍ਰੈਸ ਦੀ ਪੋਸਟ ਤੇ ਕੰਮ ਕਰ ਰਹੇ ਹਨ ਅਤੇ ਦੋ ਬੱਚੇ ਹਨ, ਬੇਟਾ ਰਿਪਣਜੀਤ ਸਿੰਘ 9 ਸਾਲ ਦਾ ਹੈ ਤੇ ਚੌਥੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਬੇਟੀ ਅਵਨੀਤ ਕੌਰ ਸਾਢੇ ਤਿੰਨ ਸਾਲਾਂ ਦੀ ਹੈ ਅਤੇ ਕਿੰਡਰਗਾਰਡਨ ਵਿੱਚ ਪੜ੍ਹਦੀ ਹੈ।
ਬਰਾੜ ਨੇ ਆਪਣੀ ਮੁਢੱਲੀ ਸਿੱਖਿਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਉਣੀ ਦੇ ਸਰਕਾਰੀ ਪ੍ਰਾਈਮਰੀ ਸਕੂਲ ਤੋਂ ਸੁਰੂ ਕਰਕੇ ਸੀਨੀਅਰ ਸਕੈਂਡਰੀ ਤੱਕ ਦੀ ਸਿੱਖਿਆ ਫਿਰੋਜ਼ਪੁਰ ਦੇ ਐਮ.ਐਲ.ਐਮ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ ਇੰਗਲਿਸ਼ ਅਤੇ ਐਮ.ਫਿਲ ਇੰਗਲਿਸ਼ ਦੀ ਡਿਗਰੀ ਹਾਸਲ ਕੀਤੀ।
ਸ੍ਰੀ ਬਰਾੜ ਨੇ ਸੰਨ 2001 ਵਿਚ ਆਪਣੇ ਅਧਿਆਪਨ ਕੈਰੀਅਰ ਦੀ ਸ਼ੁਰੂਆਤ ਬਤੋਰ ਐਸ.ਐਸ ਅਧਿਆਪਕ ਸਰਕਾਰੀ ਹਾਈ ਸਕੂਲ ਸਾਈਆਂਵਾਲਾ ਤੋਂ ਕੀਤੀ ਜਿਥੇ ਉਹਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਦੇ ਅ੍ਰੰਗੇਜੀ ਵਿਸ਼ੇ ਦੇ ਨਤੀਜੇ 100 ਫ਼ੀਸਦੀ ਆਉਂਦੇ ਰਹੇ।2006 ਵਿਚ ਉਹ ਇਸੇ ਸਕੂਲ ਵਿਚ ਹੀ ਹੈਡ ਮਾਸਟਰ ਪ੍ਰਮੋਟ ਹੋ ਗਏ।ਇਸ ਦੋਰਾਨ ਉਹਨਾਂ ਦੇ ਯਤਨਾਂ ਕਰਕੇ ਸਕੂਲ ਦੀ ਨੌਵੀ ਜਮਾਤ ਦੀ ਵਿਥਿਆਰਥਣ ਸੁਖਪ੍ਰੀਤ ਕੋਰ ‘ਕੌਣ ਬਣੇਗਾ ਕਰੋੜਪਤੀ’ ਵਿਚ ਵੀ ਭਾਗ ਲੈ ਕੇ ਆਈ ਅਤੇ ਅੰਡਰ 19 ਕ੍ਰਿਕੇਟ ਮੈਚਾਂ ਦੇ ਵਿਚ ਇਨ੍ਹਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਗੋਲਡ ਮੈਡਲ ਵੀ ਹਾਸਲ ਹੋਏ।ਉਹ ਹਮੇਸ਼ਾਂ ਤੋਂ ਹੀ ਕੁੜੀਆਂ ਦੀ ਸਿੱਖਿਆ ਦੇ ਪੱਖਪਾਤੀ ਰਹੇ ਹਨ।2014 ਵਿਚ ਨੂੰ ਉਹਨਾਂ ਨੂੰ ਬਤੋਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਲਾਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤੈਨਾਤ ਕੀਤਾ ਗਿਆ. ਪਰ ਮਾਰਚ 2014 ਵਿਚ ਹੀ ਉਨ੍ਹਾਂ ਦੀ ਬਦਲੀ ਬਤੋਰ ਪ੍ਰਿੰਸੀਪਲ ਜ਼ਿਲ੍ਹਾ ਫਿਰੋਜ਼ਪਰ ਦੇ ਪਿੰਡ ਮਾਨਸਿੰਘ ਵਾਲਾ ਵਿਖੇ ਹੋ ਗਈ।
ਅਧਿਆਪਕ ਦਿਵਸ ਮੋਕੇ ਡਿਪਟੀ ਡੀ.ਈ.ਓ ਐਲੀਮੈਂਟਰੀ ਸਿੱਖਿਆ ਫਿਰੋਜ਼ਪੁਰ ਦਾ ਚਾਰਜ ਪ੍ਰਗਟ ਸਿੰਘ ਬਰਾੜ ਨੂੰ ਦਿੱਤਾ ਗਿਆ ਅਤੇ ਇਕ ਸਾਲ ਤੱਕ ਸ਼ਲਾਘਾਯੋਗ ਸੇਵਾਵਾਂ ਦੇਣ ਕਾਰਨ ਦਸੰਬਰ 2015 ਵਿੱਚ ਉਹਨਾਂ ਨੂੰ ਜ਼ਿਲ੍ਹਾ ਸਿਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਵੀ ਮਿਲ ਗਿਆ। ਜਦੋਂ ਇਨ੍ਹਾਂ ਨੇ ਇਹ ਕਾਰਜਭਾਰ ਸੰਭਾਲਿਆ ਤਾਂ ਫਿਰੋਜ਼ਪੁਰ ਜਿਲ੍ਹਾ ਉਸ ਵੇਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਵਿੱਚ 8ਵੇਂ ਨੰਬਰ ਤੇ ਸੀ, ਪਰ ਇਨ੍ਹਾਂ ਨੇ ਮਿਹਨਤੀ ਅਧਿਆਪਕਾਂ, ਵਾਲੰਟੀਅਰਾਂ ਅਤੇ ਐਕਸ ਸਰਵਿਸਮੈਨਂਾ ਦੀ ਇਕ ਟੀਮ ਬਣਾਈ ਅਤੇ ਉਹਨਾਂ ਦੀ ਸਹਾਇਤਾ ਦੇ ਨਾਲ ਦਰਿਆਈ ਇਲਾਕੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਵਿਚ ਹੀ ਸਿੱਖਿਆ ਮੁਹੱਈਆ ਕਰਵਾਉਂਣੀ ਸ਼ੁਰੂ ਕਰ ਦਿੱਤੀ।ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਟੀਮ ਦੇ ਅਧਿਆਪਕਾਂ ਨੇ ਮਾਡਲ ਪੇਪਰ ਅਤੇ ਮੋਕ ਟੈਸਟਾਂ ਰਾਹੀ ਵਿਦਿਆਰਥੀਆਂ ਨੁੰ ਮਿਹਨਤ ਕਰਵਾਈ ਜਿਸ ਕਰਕੇ ਫਿਰੋਜਪੁਰ ਜ਼ਿਲ੍ਹਾ 8ਵੇਂ ਨੰਬਰ ਤੋਂ ਸਿੱਧਾ ਦੁਜੇ ਨੰਬਰ ਤੇ ਆ ਗਿਆ।ਬਰਾੜ ਦੇ ਇਨ੍ਹਾਂ ਸ਼ਲਾਘਾਯੋਗ ਕੰਮਾਂ ਕਰਕੇ 2016 ਵਿਚ ਉਨ੍ਹਾਂ ਨੁੰ ਸਟੇਟ ਪ੍ਰਸ਼ੰਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਿਨੀਤ ਅਰੋੜਾ
ਪੱਤਰਕਾਰ ਫਾਜ਼ਿਲਕਾ
ਮੋ-