ਪਠਾਨਕੋਟ, 18 ਫਰਵਰੀ (ਪੰਜਾਬ ਪੋਸਟ ਬਿਊਰੋ)- ਕਣਕ ਦਾ ਬੀਜ ਤਿਆਰ ਕਰਨ ਲਈ ਕਰਨਾਲ ਬੰਟ ਨਾਮਕ ਬਿਮਾਰੀ ਦੀ ਰੋਕਥਾਮ ਲਈ ਕਣਕ ਦੇ ਸਿੱਟੇ ਨਿਕਲਣ ਸਮੇਂ 200 ਮਿਲੀ ਲਿਟਰ ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਦਨੌਰ ਵਿੱਚ ਲਗਾਏ ਕਲੱਸਟਰ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਤੀ ਹੇਠ ਲਗਾਏ ਇਸ ਮੌਕੇ ਡਾ ਸੰਦੀਪ ਸਿੰਘ,ਡਾ ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਬਲਵਿੰਦਰ ਕੁਮਾਰ ਖੇਤੀਬਾੜੀ ਉਪ ਨਿਰੀਖਕ, ਸੁਭਾਸ਼ ਕੁਮਾਰ ਸਮੇਤ ਪਿੰਡ ਸ਼ੇਰਪੁਰ, ਗਿਦੜਪਿੰਡੀ, ਹਾਜਾਤੀਚੱਕ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਅਗਲੇ ਸਾਲ ਲਈ ਕਣਕ ਦਾ ਬੀਜ਼ ਤਿਆਰ ਕਰਨ ਲਈ ਅਤੇ ਕਰਨਾਲ ਬੰਟ ਬਿਮਾਰੀ ਦੇ ਖਾਤਮੇ ਲਈ ਕਣਕ ਦੀ ਬੀਜ ਵਾਲੀ ਫਸਲ ਤੇ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ ਜਾਂ ਟੈਬੂਕੋਨਾਜ਼ੋਲ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿੱਚ ਘੋਲ ਕੇ ਸਿੱਟੇ ਨਿਕਲਣ ਵੇਲੇ ਇੱਕ ਛਿੜਕਾਅ ਜ਼ਰੂਰ ਕਰ ਦੇਣਾ ਚਾਹੀਦਾ।ਉਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਮੁੱਚੇ ਦੇਸ਼ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਲਈ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਈ ਜਾਵੇ ਅਤੇ ਹਰੀ ਖਾਦ ਕਰਕੇ ਜ਼ਮੀਨ ਦੀ ਸਿਹਤ ਸੁਧਾਰਨ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਉਨਾਂ ਕਿਹਾ ਕਿ ਕਮਾਦ ਦੀ ਬਿਜਾਈ ਫਰਵਰੀ ਦੇ ਅੱਧ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।ਉਨਾਂ ਕਹਾ ਕਿ ਕਮਾਦ ਦੀ ਫਸਲ ਨੂੰ ਰੱਤਾ ਰੋਗ,ਸੋਕੜਾ,ਕਾਂਗਿਆਰੀ,ਮਧਰੇਪਣ ਅਤਰ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਰੱਕਣ ਲਈ ਬੀਜ ਵਾਲੀਆਂ ਪੋਰੀਆਂ/ਬਰੋਟੇ/ਸੰਮਿਆਂ ਨੂੰ 500 ਗ੍ਰਾਮ ਐਗਾਲੋਲ ਜਾਂ 250 ਮਿ.ਲਿ. ਪਰੋਪੀਕੋਨਾਜ਼ੋਲ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਸੋਧ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਵਾਸਤੇ ਜ਼ਰੂਰੀ ਹੈ ਕਿਸਾਨ ਖੇਤੀ ਜਿਨਸਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਿੱਚ ਵਾਧਾ ਕਰਕੇ ਸਿੱਧੇ ਮੰਡੀਕਰਨ ਦੇ ਸਿਧਾਂਤ ਅਪਨਾਉਦਿਆਂ ਖੁਦ ਖਪਤਕਾਰਾਂ ਨੂੰ ਸਿੱਧਿਆਂ ਖੇਤੀ ਜਿਨਸਾਂ ਵੇਚੇ। ਡਾ. ਸੰਦੀਪ ਸਿੰਘ ਨੇ ਕਿਹਾ ਕਿਹਾ ਕਿ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਖੇਤੀਬਾੜੀ ਦਫਤਰ ਨਾਲ ਸ਼ੰਪਰਕ ਕਰਕੇ ਹੀ ਹੱਲ ਕੀਤਾ ਜਾਵੇ।ਉਨਾਂ ਕਿਹਾ ਕਿ ਪੀਲੀ ਕੁੰਗੀ ਦੇ ਸ਼ੁਰੂਆਤੀ ਹਮਲੇ ਦੌਰਾਨ ਧੌੜੀਆਂ ਵਿੱਚ ਛਿੜਕਾਅ ਕਰਕੇ ਪੀਲੀ ਕੁੰਗੀ ਨੂੰ ਅਗਾਂਹ ਵਧਣ ਤੋਂ ਰੋਕਿਆ ਜਾ ਸਕਦਾ ਹੈ।ਅਖੀਰ ਵਿੱਚ ਬਲਵਿੰਦਰ ਕੁਮਾਰ ਨੇ ਆਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media