Thursday, March 26, 2026

‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ’

ਅੱਜ ’ਤੇ ਵਿਸ਼ੇਸ਼ 8 ਮਾਰਚ

ਅਵਤਾਰ ਸਿੰਘ ਕੈਂਥ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ ਵਾਰ ਉਚਾਰ ਸੁਚੇਤ ਕੀਤਾ ਉਥੇ ਇਹ ਅਵਾਜ਼ ਵੀ ਪਹਿਲੀ ਵਾਰੀ ਉਠਾਈ ਕਿ ਔਰਤ ਨਾ ਨਿੰਦਣੀ ਹੈ ਨਾ ਹੀ ਪੁੂਜਾ, ਸਗੋਂ ਪ੍ਰਭੂ ਦੇ ਰਾਹ ਟੁਰਨ ਅਤੇ ਪਾਉਣ ਲਈ ਉਸਦੇ ਗੁਣ ਧਾਰਨੇ ਹਰ ਲਈ ਜਰੂਰੀ ਹਨ। ਗੁਰੂ ਨਾਨਕ ਦੇਵ ਜੀ ਨੇ ਐਸਿਆਂ ਨੂੰ ਕਿਹਾ ਕਿ ਭਲੇ ਲੋਕੋ ਇਹ ਤਾਂ ਦੱਸੋ ਕਿ ਤੁਸੀ ਰਾਜੇ ਨੂੰ ਤਾਂ ਨਹਿਕਲੰਕੀ ਪਰ ਰਾਜੇ ਦੀ ਜਨਨੀ ਨੂੰ ਕਲੰਕਣੀ, ਇਹ ਦੋਹਰਾ ਮਾਪ ਤੁਹਾਡੀ ਮਲੀਨ ਸੋਚਨੀ ਕਰਕੇ ਬਣਿਆ ਹੈ।

 ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’
ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਗੁਰੂ ਸਾਹਿਬਾਨ ਨੇ ਬਿਲਕੁਲ ਹੀ ਨਹੀ ਡਿੱਠਾ। ਸਿਰਫ ਗੁਣ ਰੂਪ ਵਿਚ ਹੀ ਦੇਖਿਆ ਹੈ। ਪਹਿਲਾਂ ਤਾਂ ਉਨ੍ਹਾਂ ਗਲਤ ਖਿਆਲਾਂ ਤੇ ਚੋਟ ਮਾਰੀ ਹੈ ਜੋ ਕਹਿੰਦੇ ਨਹੀ ਸੀ ਥੱਕਦੇ ਕਿ ਇਸਤਰੀ ਮੋਖ ਨੂੰ ਪਾ ਨਹੀ ਸਕਦੀ।ਜੋ ਇਹ ਕਹਿੰਦੇ ਸਨ ਕਿ ਔਰਤ ਨੂੰ ਹਰ ਸਮੇਂ ਕਦੇ ਪਿਤਾ ਫਿਰ ਪਤੀ ਉਸ ਤੇ ਬਾਦ ਪੁੱਤਰ ਦੀ ਸੁਰੱਖਿਆਂ ਦੀ ਲੋੜ ਹੈ, ਉਨ੍ਹਾਂ ਨੂੰ ਸਮਝਾਇਆ ਕਿ ਇਸਤਰੀ ਆਪਣੇ ਆਪ ਵਿਚ ਸੰਪੂਰਨ ਹੈ। ਇਹ ਦੇਵਰ ਜੇਠ ਦੋਨਾਂ ਨੂੰ ਮਤ ਦੇਣ ਜੋਗੀ ਹੈ।

‘ਪਰ ਤ੍ਹਿਆ ਰੂਪੁ, ਨ ਪੈਖੇ ਨੇਤ੍ਰ।’
ਗੁਰੂ ਗ੍ਰੰਥ ਸਾਹਿਬ ਪੜ੍ਹਣ ਵਾਲਾ ਕਦੀ ਉਨ੍ਹਾਂ ਸੰਬੋਧਨਾਂ ਨੂੰ ਧਿਆਨ ਨਾਲ ਪੜ੍ਹੇ ਜੋ ਗੁਰੂ ਸਾਹਿਬਾਨ ਨੇ ਔਰਤ ਨੂੰ ਉਚਿਆਣ ਵਾਸਤੇ ਕਹੇ ਤਾਂ ਸਿੱਖ ਘਰ ਵਿਚ ਪਦਵੀ ਦਾ ਪਤਾ ਲੱਗ ਜਾਵੇਗਾ। ਭਗਤ ਨਾਮਦੇਵ ਜੀ ਦਾ ਆਪਣੀ ਪਤਨੀ ਨੂੰ ਘਰ ਗੀਹਿਨ ਕਹਿਣਾ, ਗੁਰੂ ਨਾਨਕ ਦੇਵ ਜੀ ਦਾ ਪਾਰਜਾਤ ਘਰ ਆਗਨ ਮੇਰੇ ਬੁਲਾਉਣਾ, ਬਲਵੰਡ ਜੀ ਦਾ ਰਾਮਕਲੀ ਕੀ ਵਾਰ ਵਿਚ ਮਾਤਾ ਖੀਵੀ ਨੂੰ ਨੇਕ ਜਨ ਆਖਣਾ ਇਸ ਪਾਸੇ ਦੀਆਂ ਖਾਸ ਉਦਾਹਰਨਾਂ ਹਨ। ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉਚੇ ਦਰਜੇ ਤੋਂ ਡਿੱਗਾ ਦੇਖ ਕਿਤਨੇ ਪ੍ਰਸ਼ਾਨ ਹੁੰਦੇ ਹਨ। ਕੁਚੱਜੀ, ਗਰਬ, ਰਹੇਲੀੜੀ, ਮੁਈਏ, ਹਰਣਾਖੀਏ ਤੇ ਦੁਹਾਗਣ ਇਸ ਪਾਸੇ ਦੇ ਕੁਝ ਕੁ ਸੰਕੇਤ ਹਨ। ਇਕ ਥਾਂ ਤਾਂ ਕਹਿੰਦੇ ਹਨ ਕਿ ਮੇਰੇ ਕੋਲੋ ਇਹ ਬਰਦਾਸ਼ਤ ਨਹੀ ਹੁੰਦਾ ਕਿ ਕੋਈ ਨਾਰ ਕੁਨਾਰ ਬਣੇ, ਔਰਤ ਹੋ ਕੇ ਅਣ ਔਰਤਾਂ ਵਾਲੇ ਕੰਮ ਕਰੇ। ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਗੁਰੂ ਨਾਨਕ ਦੇਵ ਜੀ ਔਰਤ ਨੂੰ ਹੀ ਮੰਨਦੇ ਹਨ। ਸਾਹਿਬ ਫਰਮਾਉਂਦੇ ਹਨ ਕਿ

 ‘ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ।
 ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
ਭੰਡਹੁ ਮੁਆ, ਭੰਡਹੁ ਭਾਲੀਐ, ਭੰਡਹੁ ਹੋਵੈ ਬੰਧਾਨੁ।
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’

ਭਾਵ ਕਿ ਭਾਡੇ ਤੋਂ ਉਪਜਿਆ ਮਰਦ ਇਸ ਭਾਡੇ ਵਿਚ ਹੀ ਨਿੰਮਿਆ, ਇਸੇ ਨਾਲ ਮੰਗਣੀ ਤੇ ਫਿਰ ਵਿਆਹ ਹੋਇਆ, ਸਮਾਜ ਵਿਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸ ਤੋਂ ਹੀ ਸਿੱਖਿਆ ਲਈ, ਔਰਤ ਕਰਕੇ ਹੀ ਤਾਂ ਮਰਦ ਸੰਜ਼ਮਧਾਰੀ ਹੁੰਦਾ ਹੈ।ਕਿਉ ਨਿੰਦਦੇ ਹੋ ਉਸ ਨੂੰ ਜਿਸ ਤੋਂ ਉਹ ਰਾਜਾ ਪੈਦਾ ਹੋਇਆ ਜਿਸ ਨੂੰ ਤੁਸੀ ਨਹਿਕਲੰਕੀ ਕਹਿੰਦੇ ਹੋ।ਸਾਇਦ ਇਸੇ ਲਈ ਉਹ ਜਦ ਔਰਤ ਨੂੰ ਅਣ ਔਰਤ, ਕੁਚੱਜੀ, ਕੁਨਾਰ ਜਾਂ ਦੁਹਾਗਣੀ ਕਰਮ ਕਰਦੇ ਦੇਖਦੇ ਹਨ ਤਾਂ ਬੜੇ ਚਿੰਤਾਤੁਰ ਹੋ ਜਾਂਦੇ ਹਨ। ਉਸ ਵੇਲੇ ਉਸਨੂੰ ਔਰਤ ਨਹੀ ਮੰਨਦੇ, ਰੰਨ ਕਹਿੰਦੇ ਹਨ ਕਿਉਕਿ ਔਰਤ ਤਾਂ ਉਹ ਹੈ ਜਿਸ ਵਿਚ ਚੱਜ ਹੈ ਅਚਾਰ ਹੈ, ਸੋਚ ਹੈ, ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ, ਸੂਖਮ ਹੈ, ਪਕੜ ਨਹੀ, ਪਦਾਰਥਾਂ ਦਾ ਧਿਆਨ ਨਹੀ, ਪਦਾਰਥਵਾਦੀ ਨਹੀ।ਜੋ ਨਿਰੋਲ ਪਦਾਰਥਾਂ ਵੱਲ ਦੇਖਣ ਲੱਗ ਪਵੇ ਜਾਂ ਸਿਰਫ ਬੌਧਿਕ ਪੱਧਰ ਤੇ ਹੀ ਰਹਿ ਜਾਵੇ ਤਾਂ ਉਸ ਦੇ ਨੇੜੇ ਰਹਿਣ ਵਾਲਾ ਪੁਰਖ ਸਯਾਦ ਬੁੱਚੜ ਬਣ ਜਾਵੇਗਾ।ਨਿਰਾ ਸਯਾਦ ਨਹੀ ਸਗੋਂ ਜਿਨ੍ਹਾਂ ਸਹਾਰੇ ਸਮਾਜ ਖੜਾ ਹੋਇਆ ਹੈ ਉਹ ਸਾਰਾ ਢਾਂਚਾ ਹੀ ਖੇਰੂੰ ਖੇਰੂੰ ਹੋ ਜਾਵੇਗਾ।ਸੀਲ, ਸੁੱਚ, ਸੰਜਮ ਤੇ ਸੱਚ ਸਾਰੇ ਹੀ ਗ੍ਰਹਿ ਵਿਚੋ ਨਿਕਲ ਜਾਣਗੇ ਅਤੇ ਜ਼ਿੰਦਗੀ ਜੀਉਣ ਜੋਗੀ ਨਹੀ ਰਵੇਗੀ।

‘ਰੰਨਾਂ ਹੋਈਆਂ ਬੋਧੀਆਂ ਪੁਰਸ ਹੋਏ ਸਈਆਦ ।।
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਆਹਾਜੁ ।।
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ।।’

ਗੁਰੂ ਪਾਤਿਸ਼ਾਹ ਨੇ ਜਿਸ ਵੇਲੇ ਔਰਤ ਨੂੰ ਮਾਂ, ਭੈਣ, ਪਤਨੀ, ਧੀ ਦੇ ਰਿਸ਼ਤਿਆਂ ਵਿੱਚ ਵੇਖਿਆ ਹੈ ਤਦ ਵੀ ਇਸ ਨੂੰ ਕਿਸੇ ਤੇ ਨਿਭਰ ਹੇ ਕੇ ਨਹੀ ਸਗੋਂ ਆਪਣੇ ਨਿਵੇਕਲਾ ਸਟੇਟਸ ਦਰਸਾਇਆ ਹੈ।ਸਿੱਖ ਇਤਿਹਾਸ ਵਿਚ ਇਸਤਰੀ ਦਾ ਇਕ ਅਨੋਖਾ ਰੋਲ ਹੈ ਜੇ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਦੀਦਾਰ ਦੇਖੀਏ ਤਾਂ ਔਰਤ ਦੌਲਤਾਂ ਦਾਈ ਨੇ ਹੀ ਕੀਤਾ ਪਹਿਲਾ ਸਿੱਖ ਕਹੀਏ ਤਾਂ ਬੇਬੇ ਨਾਨਕੀ ਜੀ, ਪਹਿਲੀ ਸੇਵਾ ਪੰਥੀ ਕਹੀਏ ਤਾਂ ਮਾਤਾ ਖੀਵੀ ਜੀ, ਪਹਿਲੀ ਇਸਤਰੀ ਸ਼ਹੀਦ ਕਹੀਏ ਤਾਂ ਮਾਤਾ ਗੁਜਰ ਕੌਰ ਜੀ, ਪਹਿਲੀ ਕੌਮੀ ਆਗੂ ਕਹੀਏ ਤਾਂ ਮਾਤਾ ਸੁੰਦਰੀ ਜੀ, ਪਹਿਲੀ ਤਿਆਗਣ ਕਹੀਏ ਤਾਂ ਮਾਤਾ ਸੁਲੱਖਣੀ ਜੀ ਜੋ ਪਹਿਲੀ ਗ੍ਰਹਿਸਤ ਜੀਵਨ ਪਾਉਣ ਤੋਂ ਬਾਦ ਵੀ 14 ਸਾਲ ਉਦਾਸੀ ਸਮੇਂ ਘਰ ਨੂੰ ਸੰਭਾਲੀ ਬੈਠੀ ਰਹੀ।ਚੰਗੀ ਸਿਖਿਆ ਦੇਣ ਵਾਲੀ ਬੀਬੀ ਭਾਨੀ ਜੀ, ਜੇ ਜਰਨੈਲ ਕਹੀਏ ਤਾਂ ਰਾਣੀ ਸਦਾ ਕੌਰ ਜੀ। ਰਾਣੀ ਸਦਾ ਕੌਰ ਦੀ ਸੂਝ ਬੂਝ ਸਿਆਣਪ ਤਾਂ ਅਖਾਣ ਹੈ, ਮਹਾਰਾਣੀ ਜਿੰਦਾ ਦਾ ਰੋਲ ਉਚੇਚਾ ਧਿਆਨ ਮੰਗਦਾ ਹੈ, ਅੰਗਰੇਜ਼ ਵੀ ਇਹਨਾਂ ਦੀ ਸਿਫਤ ਕਰਦੇ ਸਨ ਕਿ ਇਕ ਹੀ ਮਰਦ ਹੈ ਰਾਣੀ ਜਿੰਦਾਂ।ਜਿੰਦਾਂ ਹੀ ਲਾਰਡ ਡਲਹੋਜੀ ਨੂੰ ਲਿਖ ਸਕਦੀ ਸੀ ਕਿ ਰੋਕ ਲੋ ਦੋ ਚਾਰ ਨਿਮਕ ਹਰਾਮਾਂ ਨੂੰ ਅਤੇ ਬਾਕੀ ਪੰਜਾਬ ਨੂੰ ਫਾਂਸੀ ਲਗਾ ਦੇਹ।ਮਹਾਰਾਣੀ ਜਿੰਦਾਂ ਨੇ ਉਸ ਵਕਤ ਤੱਕ ਦਮ ਨਹੀ ਲਿਆ ਜਦ ਤੱਕ ਮਹਾਰਾਜਾ ਦਲੀਪ ਸਿੰਘ ਨੂੰ ਫਿਰ ਸਿੱਖੀ ਸਰੂਪ ਤੇ ਬਾਣੇ ਵਿੱਚ ਨਾ ਦੇਖ ਲਿਆ।ਸਿੱਖ ਧਰਮ ਵਿਚ ਔਰਤ ਹੀ ਸੀ ਜੋ ਹਰ ਪੱਖ ਵਿਚ ਇਕ ਨਿਵੇਕਲਾ ਤੇ ਪਹਿਲਾ ਸਥਾਨ ਬਣ ਕੇ ਬੈਠੀ ਹੈ।ਪਹਿਲੀ ਪੀੜ ਔਰਤ ਨੂੰ ਹੀ ਸਹਾਰਨੀ ਪੈਦੀ ਹੈ ਜਦ ਕੌਮ ਤੇ ਜ਼ੁਲਮ ਹੋਵੇ ਜਾਂ ਕੋਈ ਸਾਕਾ ਵਾਪਰੇ।ਸਵੇਰੇ ਸ਼ਾਮ ਅਰਦਾਸ ਵਿੱਚ ਜਦ ਸਾਰੇ ਆਖਦੇ ਹਾਂ ਕਿ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ’ ਤਾਂ ਇਹ ਗੱਲ ਸਪਸ਼ਟ ਹੇ ਜਾਂਦੀ ਹੈ ਕਿ ਸਿੱਖ ਘਰ ਵਿਚ ਔਰਤ ਦਾ ਸਥਾਨ ਕਿਸ ਹੱਦ ਤੱਕ ਨਿਵੇਕਲਾ ਹੈ।ਮੁਗਲ ਜਾਲਮਾਂ ਨੇ ਬੜੇ ਜ਼ੁਲਮ ਕੀਤੇ ਮਾਤਾਵਾਂ ਦੇ ਗਲਾਂ ਵਿਚ ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਟੋਟੇ ਕਰ ਕੇ ਹਾਰ ਪਾਏ ਗਏ ਪਰ ਮਜਾਲ ਜੇ ਕਿਸੇ ਨੇ ਸੀ ਤੱਕ ਕੀਤੀ ਹੋਵੇ।ਸਵਾ ਸਵਾ ਮਣ ਪੀਸਣਾ ਤਾਂ ਮਮੂਲੀ ਜਿਹੀ ਗੱਲ ਸੀ।ਹੋਰ ਅਨੇਕਾਂ ਉਦਾਰਹਾਣਾਂ ਹਨ।ਇਤਿਹਾਸ ਨੂੰ ਮੋੜਾ ਦੇਣ ਵਾਲੀ ਦਾ ਨਾਮ ਲੱਭੀਏ ਤਾਂ ਮਾਈ ਭਾਗੋ ਜਿਸ ਨੇ ਬੇਦਾਵੀਏ ਸਿੰਘਾਂ ਨੂੰ ਵਾਪਸ ਲੈ ਕੇ ਕਮਾਂਡ ਕਰਦੀ ਹੋਈ ਖਿਦਰਾਣੇ ਦੀ ਢਾਬ ਤੇ ਜੰਗ ਨਾ ਕਰਦੀ ਤਾਂ ਸੰਭਵ ਹੈ ਖਾਲਸੇ ਦਾ ਇਤਿਹਾਸ ਅੱਜ ਨਾਲੋ ਵੱਖਰਾ ਹੁੰਦਾ।ਮਾਈ ਭਾਗੋ ਨੂੰ ਕਮਾਂਡ ਕਰਦੀ ਵੇਖ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸੇ ਪੰਥ ਨੂੰ ਕੋਈ ਖਤਰਾ ਨਹੀ।ਜਿਸ ਕੌਮ ਵਿਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਹ ਕੌਮ ਕਦੇ ਮਰ ਨਹੀ ਸਕਦੀ।
ਅੱਜ ਦੀ ਇਸਤਰੀ ਪੜ੍ਹ ਲਿਖ ਕੇ ਦੁਨਿਆਵੀ ਤੌਰ ਤੇ ਕਾਫੀ ਤੱਰਕੀ ਕਰ ਚੁੱਕੀ ਹੈ ਵੱਡੇ ਵੱਡੇ ਅਹੁਦਿਆਂ, ਖੇਡ ਖੇਤਰ ’ਤੇ ਆਪਣਾ ਅਧਿਕਾਰ ਕਰੀ ਬੈਠੀ ਹੈ, ਕਿਸ ਕਿਸ ਦਾ ਨਾਂਅ ਦਰਜ ਕੀਤਾ ਜਾਵੇ ਅਜਿਹੇ ਅਣਗਿਣਤੀ ਨਾਂਅ ਆਪਣੇ ਦਰਜ ਕਰ ਚੁੱਕੀਆਂ ਹਨ ਪਰ ਹੁਣ ਗੁਰਮਤਿ ਧਾਰਨੀ ਜੀਵਨ ਨੂੰ ਬੀਤੇ ਜ਼ਮਾਨੇ ਦੀ ਗੱਲ ਸਮਝਦੀ ਹੈ ਅਤੇ ਖਾਲਸਾ ਪੰਥ ਵਲੋਂ ਵੀ ਇਸ ਨੂੰ ਮੂਲੋਂ ਹੀ ਵਿਸਾਰ ਦਿੱਤਾ ਹੈ ਕਿਤੇ ਕਿਤੇ ਖਾਸ ਧਾਰਮਿਕ ਸੰਸਥਾ ਵਿਚ ਨਾਮ ਆਉਦਾ ਹੈ ਬੀਬੀ ਡਾ:ਇੰਦਰਜੀਤ ਕੌਰ ਪਿੰਗਲਵਾੜਾ ਅੰਮ੍ਰਿਤਸਰ,ਬੀਬੀ ਜੰਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਤਰ੍ਹਾਂ ਇਸਤਰੀਆਂ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਸੋਚਣਾ ਗੁਰਮਤਿ ਦੇ ਧਾਰਨੀ ਹੋਣਾ, ਆਪ ਜਪਣਾ ਅਵਰਾ ਨਾਮ ਜਪਾਉਣ ਵਾਲੀ ਸੇਵਾ ਦਾ ਚਾਉ ਰੱਖਣਾ ਕਿਸੇ ਵਿਰਲੇ ਜੀਵਨ ਦਾ ਮਨੋਰਥ ਰਹਿ ਗਿਆ ਹੈ। ਅੰਮ੍ਰਿਤ ਦੀ ਦਾਤ ਲੈ ਕੇ ਜਨਮ ਸੁਹੇਲਾ ਕਰਨ ਦੀ ਲਗਨ ਦੀ ਥਾਂ ਹੁਣ ਵੱਧ ਤੋ ਵੱਧ ਜ਼ਮਾਨੇ ਦੀ ਕਸੂਤੀ ਚਾਲ ਵਿਚ ਅੱਗੇ ਵਧਦੇ ਰਹਿਣ ਨੂੰ ਹੀ ਉਹ ਆਪਣੀ ਚੜ੍ਹਦੀ ਕਲਾ ਦੀ ਸੂਚਕ ਸਮਝਦੀਆਂ ਹਨ।ਕੋਈ ਵਿਰਲੀਆਂ ਗੁਰੂ ਦੀਆਂ ਲਾਡਲੀਆਂ ਬੀਬੀਆਂ ਹੋਣ ਜਿਨ੍ਹਾਂ ਦੇ ਸਜੀਲੇ, ਧਰਮੀ, ਉਜਲ ਦੀਦਾਰ ਕਰਕੇ ਯਕੀਨ ਆਵੇ ਕਿ ਜੋ ਅਸੀ ਸਿੰਘਣੀਆਂ ਬਾਬਤ ਪੜ੍ਹਦੇ ਸੁਣਦੇ ਹਾਂ ਪਰ ਅਜ ਦੀ ਪੀੜ੍ਹੀ ਦੇ ਹੁਣ ਦੇ ਸਰੂਪ ਨੂੰ ਦੇਖ ਕੇ ਇਹੀ ਸਮਝ ਆਉਦੀ ਹੈ ਕਿ ਉਹ ਕੋਈ ਹੁੰਦੀਆਂ ਹੋਣ ਗੀਆਂ ਨਹੀ ਤਾਂ ਇਹ ਕਿਸੀ ਪਰੀ ਕਹਾਣੀ ਵਾਂਗੂੰ ਜਾਪਦਾ ਹੈ। ਅੱਜ ਦੀ ਮਾਤਾ ਜ਼ਮਾਨੇ ਮੁਤਾਬਕ ਅੱਗੇ ਵਾਧੂ ਫੈਸ਼ਨ ਦੀ ਦੋੜ ਵਿਚ ਆਪਣੀ ਔਲਾਦ ਨੂੰ ਦੇਖਣਾ ਲੋਚਦੀ ਹੈ ਧਨ ਕਮਾਉਣਾ ਜਾਂ ਵਲੈਤ ਭੇਜਣਾ ਹੀ ਮੁੱਖ ਰਹਿ ਗਿਆ ਹੈ।ਪੁਜ਼ੀਸ਼ਨ ਬਗੈਰ ਆਦਮੀ ਕੀ ਹੈ ਪਰ ਸਿੱਖੀ ਬਗੈਰ ਕੀ ਹੁਣ ਹੈ ਤੇ ਕੀ ਅੱਗੇ ਜਾਕੇ ਰਹੇਗੀ ਇਹ ਫਿਕਰ ਅੱਜ ਦੀ ਮਾਤਾ ਨੂੰ ਨਹੀ ਹੈ ।
ਜੇ ਕਰ ਸਿੰਘਣੀ ਮਾਤਾ ਇਸ ਉਪਰ ਜ਼ੋਰ ਲਾ ਰਹੀ ਹੈ ਤਾਂ ਜ਼ਮਾਨਾ ਤੇ ਉਸ ਦੇ ਬੱਚੇ ਵਿਰੋਧੀ ਬਣਕੇ ਖੜ੍ਹ ਜਾਂਦੇ ਹਨ ਤਾਂ ਉਹ ਵਿਚਾਰੀ ਕੀ ਕਰੇ ਧਰਮੀ ਮਾਤਾ ਸੰਘਰਸ਼ ਕਰ ਰਹੀ ਹੈ ਪਰ ਉਸ ਦਾ ਪੱਖ ਲੈਣ ਵਾਲਾ ਕੋਈ ਵੀ ਰਿਸ਼ਤੇਦਾਰ ਵੀ ਨਹੀ ਮਿਲਦਾ ਜੋ ਭਾਵਨਾ ਨੂੰ ਸਮਝੇ ਬੱਸ ਇਹੀ ਕਹਿੰਦੇ ਹਨ ਕਿ ਜ਼ਮਾਨਾ ਦੇਖੋ ਉਂਜ ਪੈਸੇ ਕਮਾਉਣ ਦਾ ਫਿਕਰ ਪਹਿਲੇ ਤੇ ਹੈ, ਸਿੱਖੀ ਸਿੱਖੀ ਕਰਕੇ ਤੁਸੀ ਬੱਚੇ ਦਾ ਭਵਿੱਖ ਖਰਾਬ ਕਰ ਰਹੇ ਹੋ, ਕਿਸ ਤਰ੍ਹਾਂ ਦੇ ਵਿਚਾਰ ਸਾਡੇ ਹੋ ਗਏ ਹਨ ਅੱਜ ਕਲ੍ਹ ਦੇ ਸਿੱਖਾਂ ਦੇ ਕੀ ਗੁਰੂ ਦੀ ਮੋਹਰ ਕੇਸ ਤੇ ਅੰਮ੍ਰਿਤ ਛਕ ਕੇ ਰਹਿਤ ਰੱਖ ਕੇ ਧਨ ਕਮਾਇਆ ਨਹੀ ਜਾ ਸਕਦਾ, ਸਭ ਮਨਮਤੀ ਢਕਸੌਲੇ ਹਨ, ਅਨੇਕ ਹੀ ਗੁਰੂ ਦੇ ਸਿੱਖ ਦੇਸ਼ ਪਰਦੇਸਾਂ ਵਿਚ ਉਚੇ ਤੋਂ ਉੱਚੇ ਅਹੁਦਿਆਂ ਉਪਰ ਬੈਠੇ ਹਨ ਮਾਇਆ ਉਨ੍ਹਾਂ ਦੇ ਕਦਮ ਚੁੰਮ ਦੀ ਪਈ ਹੈ।ਧੰਨ ਹਨ ਉਹ ਮਾਵਾਂ ਜੋ ਅੱਜ ਦੇ ਜ਼ਮਾਨੇ ਵਿਚ ਧਰਮ ਤੇ ਖੜੀ ਹੈ ਕੌਮ ਨੂੰ ਅਜੇਹੀ ਮੱਤ ਸੁਮੱਤ ਮਾਤਾ ਦੀ ਲੋੜ ਹੈ।ਮਾਤਾ ਹੀ ਭੂਰਣ ਹੱਤਿਆ ਤੇ ਨਸ਼ੇ ਵਰਗੀਆਂ ਨਾਮੁਰਾਦ ਬੀਮਾਰੀਆਂ ਨੂੰ ਰੋਕ ਸਕਦੀਆਂ ਹਨ। ਅੱਜ ਦਾ ਪੰਜਾਬ ਜਿਥੇ ਪਹਿਲਾਂ ਗੁਰੂਆਂ, ਪੀਰਾਂ ਦੀ ਧਰਤੀ ਦੁੱਧ ਦਰਿਆਵਾਂ ਦੀ ਧਰਤੀ ਅਖਵਾਉਂਦਾ ਸੀ ਹੁਣ ਦੇਸ਼ ਦੇ ਸਭ ਸੂਬਿਆਂ ਤੋਂ ਵੱਧ ਨਸ਼ਿਆਂ ਤੇ ਵੱਧ ਭੂਰਣ ਹੱਤਿਆਵਾਂ ਕਰਨ ਖੂਨੀ ਪੰਜਾਬ ਬਣਕੇ ਰਹਿ ਗਿਆ ਹੈ।

Avtar Kainth2

ਅਵਤਾਰ ਸਿੰਘ ਕੈਂਥ
ਬਠਿੰਡਾ
9356200120

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply