ਅਵਤਾਰ ਸਿੰਘ ਕੈਂਥ
ਗੁਰੂ ਗੋਬਿਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਦੀ ਅੱਗ ਵਿਚੋਂ ਕੱਢ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਤੇ ਯੁੱਧ-ਵਿਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ‘ਹੋਲਾ ਮਹੱਲਾ’ ਮਨਾਉਣ ਦੀ ਰੀਤ ਤੋਰੀ।
ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਹੋਲਾ ਮਹੁੱਲਾ ਇਕ ਬਨਾਵਟੀ ਹੱਲਾ ਹੁੰਦਾ ਸੀ, ਜਿਸ ਵਿਚ ਪੈਦਲ ਤੇ ਘੋੜ ਸਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇਕ ਖਾਸ ਥਾਂ ਉਤੇ ਹਮਲਾ ਕਰਦੇ ਹਨ।ਭਾਈ ਵੀਰ ਸਿੰਘ ਜੀ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ ਹੈ ‘ਮਯ ਹੱਲਾ’ ਭਾਵ ਬਨਾਵਟੀ ਹਮਲਾ।ਸਿੰਘਾਂ ਦੇ ਦੋ ਜਥੇ ਬਣਾ ਕੇ ਇਕ ਨੂੰ ਹੋਲਗੜ੍ਹ ਤੇ ਕਬਜ਼ਾ ਕਰਕੇ ਮੋਰਚਾ ਕਾਇਮ ਕਰਨ ਲਈ ਕਹਿ ਦਿੱਤਾ ਜਾਂਦਾ ਸੀ।ਦੂਸਰੇ ਜਥੇ ਨੇ ਹੋਲ ਗੜ੍ਹ ਤੇ ਚੜ੍ਹਾਈ ਕਰਨੀ ਹੁੰਦੀ ਸੀ।ਡੇਢ ਪਹਿਰ ਦੋਹਾਂ ਪਾਸਿਆਂ ਤੋਂ ਘਮਸਾਣ ਯੁੱਧ ਹੁੰਦਾ। ਤੀਰ ਤੇ ਗੋਲੀ ਚਲਾਉਣ ਦੀ ਮਨਾਹੀ ਸੀ ਕਿਉਂਕਿ ਦੋਵੇਂ ਪਾਸੇ ਖਾਲਸਈ ਫੌਜਾਂ ਸਨ ਦੋਹਾਂ ਫੌਜਾਂ ਵਿਚ ਅੰਤਰ ਰੱਖਣ ਲਈਂ ਹੋਲਗੜ੍ਹ ਤੇ ਕਾਬਜ਼ ਜੱਥੇ ਦੇ ਬਸਤਰ ਚਿੱਟੇ ਤੇ ਦੂਸਰੇ ਦਲ ਦੇ ਹਲਕੇ ਕੇਸਰੀ ਰੰਗ ਦੇ ਹੁੰਦੇ।ਅੰਤ ਬੜੇ ਯਤਨਾਂ ਤੇ ਲੜਾਈ ਦੇ ਦਾਅ ਪੇਚਾਂ ਅਨੁਸਾਰ ਅੱਗੇ ਵਧਦੀ ਹੋਈ ਕੇਸਰੀ ਪੁਸ਼ਾਕਿਆਂ ਵਾਲੀ ਸੈਨਾ ਨੇ ਹੋਲਗੜ੍ਹ `ਤੇ ਕਾਬਜ਼ ਹੋ ਜਾਂਦੀ।
ਹੋਲੀ ਪ੍ਰੇਮ ਪਿਆਰ, ਭਾਈਚਾਰੇ, ਖੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਹੇੈ, ਪਰ ਹੋਲੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ।ਖ਼ਾਲਸਾ ਸਾਜਣ ਮਗਰੋ ਕਲਗੀਧਰ ਪਾਤਿਸ਼ਾਹ ਨੇ ਸੰਮਤ 1757 ਚੇਤਰ ਵਦੀ ਏਕਮ ਨੂੰ ਹੋਲਾ ਮਹੱਲਾ ਖੇਡਣ ਇਕ ਨਵੇਂ ਸਥਾਨ ਹੋਲਗੜ੍ਹ ਦੀ ਰਚਨਾ ਕੀਤੀ।ਅੱਜ ਵੀ ਹੋਲਾ ਮਹੱਲਾ ਕੱਢਿਆ ਜਾਂਦਾ ਹੈ।ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਵਿਚ ਵੀ ਨਿਸ਼ਾਨ ਸਾਹਿਬ ਦੀ ਤਾਬਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹੱਲਾ ਸ਼ੁਰੂ ਹੋ ਕੇ ਹੇੈ, ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਬੁਰਜ ਬਾਬਾ ਫੂਲਾ ਸਿੰਘ ਵਿਚ ਸਮਾਪਤ ਹੁੰਦਾ ਹੇੈ।ਇਸ ਮਹੱਲੇ ਵਿਚ ਕਈ ਪ੍ਰਕਾਰ ਦੇ ਸਰੀਰਕ ਕਰੱਤਵ ਦਿਖਾਉਣ ਵਾਲੇ ਜਥੇ ਤੇ ਘੋੜ ਸਵਾਰ ਨਿਹੰਗ ਸਿੰਘ, ਗੱਤਕਾ ਪਾਰਟੀਆਂ ਤੇ ਬੈਂਡ ਬਾਜੇ ਸ਼ਾਮਲ ਹੁੰਦੇ ਹਨ।ਕਈ ਹੋਰ ਸ਼ਹਿਰਾਂ ਨਗਰਾਂ ਤੇ ਪਿੰਡਾਂ ਵਿਚ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੇੈ, ਹੋਲਾ ਮੁਹੱਲਾ ਖਾਲਸੇ ਦੀ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਦੀ ਨਿਸ਼ਾਨੀ ਹੈ।ਵੈਸੇ ਤਾਂ ਸਿੱਖ ਕੌਮ ਉਤੇ ਬੜੇ ਝੱਖੜ ਝੁੱਲੇ ਹਨ।ਉਸ ਨੂੰ ਕਰੜਿਆਂ ਇਮਤਿਹਾਨਾਂ ਵਿਚੋਂ ਲੰਘਣਾ ਪਿਆ ਹੈ।ਉਸ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ।ਸਵੈਮਾਨ ਕਾਇਮ ਰੱਖਣ ਲਈ ਬੜੀਆਂ ਕੀਮਤਾਂ ਤਾਰਨੀਆਂ ਪਈਆਂ ਹਨ।ਫਾਂਸੀਆਂ, ਕੈਦਾਂ, ਦੇਸ਼ ਨਿਕਾਲਿਆਂ ਤੋਂ ਛੁੱਟ ਗੋਲੀਆਂ ਤੇ ਡਾਂਗਾਂ ਦੀਆਂ ਮਾਰਾਂ ਵੀ ਖਾਧੀਆਂ ਹਨ। ਜਲ੍ਹਿਆਂ ਵਾਲਾ ਬਾਗ, ਨਨਕਾਣਾ ਸਾਹਿਬ, ਪੰਜਾ ਸਾਹਿਬ, ਜੈਤੋਂ, ਗੁਰੂ ਕੇ ਬਾਗ ਦੇ ਮੋਰਚੇ ਹੋਣ ਜਾਂ ਪੰਜਾਬੀ ਸੂਬੇ ਅਥਵਾ ਧਰਮ ਯੁੱਧ ਜਿਹੇ ਮੋਰਚੇ, ਸਿੱਖਾਂ ਨੇ ਸਦਾ ਹੀ ਬੀਰਤਾ ਦੇ ਜੌਹਰ ਵਿਖਾਏ ਹਨ, ਨੰਗੇ ਧੜ ਮੈਦਾਨ ਵਿਚ ਨਿੱਤਰੇ ਹਨ, ਸਿਰ ਤਲੀ ਉਤੇ ਰੱਖ ਕੇ ਲੜੇ ਹਨ, ਬੰਦ ਬੰਦ ਕਟਵਾਏ ਹਨ, ਚਰਖੜੀਆਂ ਤੇ ਚੜ੍ਹੇ ਹਨ, ਪਰ ਸਦਾ ਹਿੱਕਾਂ ਵਿਚ ਗੋਲੀਆਂ ਖਾਧੀਆਂ ਹਨ।
ਇਸ ਸਬੰਧ ਵਿਚ ਪੰਥਕ ਕਵੀ ਪਿਆਰਾ ਸਿੰਘ ‘ਨਿਰਛਲ’ ਦੀ ਇਕ ਲੰਮੀ ਕਵਿਤਾ ‘ਖੂਨ ਦੀਆਂ ਹੋਲੀਆਂ’ ਵਿਚੋਂ ਕੁੱਝ ਸਤਰਾਂ ਪੜ੍ਹਨ ਯੋਗ ਹਨ:-
ਬੀਰਤਾ ਦੇ ਜੌਹਰ ਦੱਸੇ, ਵਾਂਗ ਪਰਵਾਨਿਆਂ ਦੇ,
ਨਿਤਰੇ ਮੈਦਾਨ ਵਿਚ, ਬਣ ਬਣ ਟੋਲੀਆਂ।
ਬੜੇ ਬੜੇ ਝੱਖੜ ਤੁਫਾਨ ਝੁੱਲੇ ਇਨ੍ਹਾਂ ਉਤੇ,
ਸਿਰ ਧਰ ਤਲੀ ਉਤੇ ਪਾਈਆਂ ਇਨ੍ਹਾਂ ਬੇਲੀਆਂ।
ਬੰਦ ਬੰਦ ਕੱਟੇ ਭਾਵੇਂ, ਚੜ੍ਹ ਗਏ ਉਹ ਚਰਖੀਆਂ ਤੇ
ਖੇਡਦੇ ਰਹੇ ਹੱਸ ਹੱਸ, ਖੂਨ ਵਿਚ ਹੋਲੀਆਂ।
ਹਿੱਕ ਤਾਣ ਸਾਹਵੇਂ ‘ਨਿਰਛਲ’ ਮੌਤ ਦੇ ਖਲੌਦੇਂ ਰਹੇ
ਪਿੱਠ ਤੇ ਨਹੀਂ, ਸੀਨੇ ਵਿਚ ਖਾਧੀਆਂ ਨੇ ਗੋਲੀਆਂ।
ਜਿਸ ਦੌਰ ਵਿਚੋਂ ਸਿੱਖ ਕੌਮ ਇਸ ਸਮੇਂ ਲੰਘ ਰਹੀ ਹੈ, ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਰਾਹ `ਤੇ ਚੱਲਿਆਂ ਹੀ ਬਚਾਅ ਹੋਣਾ ਹੈ।ਸਿੱਖੀ ਜੀਵਨ ਅਸਲੀ ਅਰਥਾਂ ਵਿਚ ਜੀਵਿਆਂ ਹੀ, ਇਨ੍ਹਾਂ ਔਕੜਾਂ ਤੋਂ ਛੁਟਕਾਰਾ ਮਿਲਣਾ ਹੈ।ਇਸ ਹੋਲੇ ਮਹੱਲੇ ਦੇ ਉਤਸਵ `ਤੇ ਇਹ ਪ੍ਰਣ ਕਰਨੇ ਪੈਣਗੇ:-
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।’
ਪ੍ਰੰਤੂ ਸਾਡੇ ਅੱਜ ਦੇ ਅਜੂਕੇ ਸਮਾਜ ਵਿਚ ਇਸ ਪਵਿੱਤਰ ਤਿਉਹਾਰ ਨੂੰ ਕੁੱਝ ਅਸਮਾਜਿਕ ਤੱਤਾਂ ਨੇ ਇਸ ਦੀ ਪਵਿੱਤਰਤਾ `ਚ ਵਿਘਣ ਪਾ ਦਿਤਾ ਹੈ।ਇਸ ਮੌਕੇ ਭੰਗ ਦੇ ਨਸ਼ੇ ਵਿਚ ਕਈ ਲੋਕ ਨਸ਼ਾਖੋਰੀ ਵਿਚ ਜੂਆ ਤੇ ਹੋਲੀ ਖੇਡਣ ਦੇ ਬਹਾਨੇ ਲੜਕੀਆਂ ਨਾਲ ਛੇੜਛਾੜ ਵੀ ਕਰਦੇ ਹਨ ਤੇ ਲੜਕੀਆਂ ਨੂੰ ਘਰੋ ਬਾਹਰ ਜਾਣ ਵਿਚ ਦਿੱਕਤ ਆਉਦੀ ਹੈ।ਜਦਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੇੈ, ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖੀਏ।ਦੂਜੇ ਪਾਸੇ ਵੇਖਿਆ ਜਾਵੇ ਤਾਂ ਇਸ ਮੌਕੇ ਜੋ ਰੰਗ ਇਸਤੇਮਾਲ ਹੁੰਦੇ ਹਨ।ਉਹ ਰਸਾਇਣਕ ਹੋਣ ਕਾਰਨ ਚਮੜੀ ਦੇ ਨਾਲ-ਨਾਲ ਅੱਖਾਂ ਤੇ ਸਰੀਰ ਦੇ ਹੋਰ ਅੰਗਾਂ `ਤੇ ਬੁਰਾ ਪ੍ਰਭਾਵ ਪਾਉਦੇ ਹਨ।

ਅਵਤਾਰ ਸਿੰਘ ਕੈਂਥ
ਬਠਿੰਡਾ।
ਮੋ- 9356200120
Punjab Post Daily Online Newspaper & Print Media