Monday, December 23, 2024

ਜੀਵਨ ਦੀ ਅਟੱਲ ਸਚਾਈ

ਜਦ ਵੀ ਜੱਗ ਤੇ ਆਉਂਦਾ ਬੰਦਾ, ਬੜੇ ਹੀ ਤਰਲੇ ਪਾਉਂਦਾ ਬੰਦਾ।
ਆ ਜਾਵੇ ਜਦ ਜੱਗ ਦੇ ਉੱਤੇ, ਰੱਬ ਨੂੰ ਫਿਰ ਭੁਲਾਉਂਦਾ ਬੰਦਾ॥

ਬਚਪਨ ਦੇ ਵਿੱਚ ਅਕਸਰ ਲੈਂਦਾ, ਜੋ ਲੈਣਾ ਹੈ ਚਾਹੁੰਦਾ ਬੰਦਾ।
ਆ ਜਾਵੇ ਜਦ ਘੁੰਮ ਜਵਾਨੀ, ਰੰਗ ਹੈ ਫਿਰ ਵਟਾਉਂਦਾ ਬੰਦਾ॥

ਸੱਭ ਨੂੰ ਹੈ ਫਿਰ ਟਿੱਚ ਜਾਣਦਾ, ਬਿਨ ਮੁੱਛੀਂ ਵੱਟ ਚੜਾਉਂਦਾ ਬੰਦਾ।
ਜਵਾਨੀ ਅਕਸਰ ਹੁੰਦੀ ਦੀਵਾਨੀ, ਉਂਗਲੀ ਫਿਰ ਨਚਾਉਂਦਾ ਬੰਦਾ॥

ਢਲ ਨਾ ਜਾਵੇ ਕਿਤੇ ਜਵਾਨੀ, ਹੈ ਸਾਥੀ ਕੋਈ ਬਣਾਉਂਦਾ ਬੰਦਾ।
ਕੁੱਲ ਨੂੰ ਅੱਗੇ ਵਧਾਵਣ ਦੇ ਲਈ, ਦਿਲ ਦੇ ਵਿੱਚ ਲਲਚਾਉਂਦਾ ਬੰਦਾ॥

ਜੀਵਨ ਸਾਥੀ ਚੁਣ ਕੇ ਕੋਈ, ਬਿਨ ਮਾਪਿਓ ਘਰੇ ਲਿਆਉਂਦਾ ਬੰਦਾ।
ਧੀ-ਪੁੱਤਰ ਜਦ ਪੈਦਾ ਹੋ ਜਾਏ, ਲਾਡ ਹੈ ਖੂਬ ਲਡਾਉਂਦਾ ਬੰਦਾ॥

ਦਾਗ ਨਾ ਲੱਗ ਜੇ ਕੁੱਲ ਨੂੰ ਕਿਧਰੇ, ਖੂਬ ਹੈ ਫਿਰ ਪੜਾਉਂਦਾ ਬੰਦਾ।
ਖਾਬ ਸੋਚਦੈ ਉੱਚੇ ਉੱਚੇ, ਵਧੀਆ ਘਰੀ ਵਿਆਹੁੰਦਾ ਬੰਦਾ॥

ਦੋਹਤੇ ਪੋਤਰੇ ਹੱਥੀਂ ਖਿਡਾਵਾਂ, ਦਿਲ ਵਿੱਚ ਸਦਾ ਹੈ ਚਾਹੁੰਦਾ ਬੰਦਾ।
ਔਲਾਦ ਨਾ ਮੈਨੂੰ ਨਿੰਦੇ ਕਿਧਰੇ, ਕੋਠੀਆਂ ਬੰਗਲੇ ਪਾਉਂਦਾ ਬੰਦਾ॥

ਇਨਾਂ ਚੱਕਰਾਂ ‘ਚ ਉਲਝਿਆ ਰਹਿੰਦਾ, ਵਿੱਚ ਬੁਢਾਪੇ ਆਉਂਦਾ ਬੰਦਾ।
ਚੱਲ ਸੋ ਚੱਲ ‘ਚ ਬੀਤੇ ਜਿੰਦਗੀ, ਨਾਮ ਨਾ ਕਦੇ ਧਿਆਉਂਦਾ ਬੰਦਾ॥

ਤੁਰਨੋ ਆਰੀ ਨਿਗਾਹ ਵੀ ਘਟਦੀ , ਵੇਖੋ ਫਿਰ ਪਛਤਾਉਂਦਾ ਬੰਦਾ।
ਜਦ ਵਿੱਚ ਬੁਢਾਪੇ ਕੋਈ ਨਾ ਪੁਛੇ, ਫਿਰ ਉੱਚੀ ਅਵਾਜ਼ ਲਗਾਉਂਦਾ ਬੰਦਾ॥

ਆਖਿਰ ਵੇਖਿਐ ਐਸੇ ਉਮਰੇ, ਹੈ ਦੂਜਿਆਂ ਨੂੰ ਸਮਝਾਉਂਦਾ ਬੰਦਾ।
ਬਚਪਨ ਜਵਾਨੀ ਅਤੇ ਬੁਢਾਪਾ, ਕੋਈ ਕੋਈ ਹੰਢਾਉਂਦਾ ਬੰਦਾ॥

ਕੋਈ ਹੀ ਨਿੱਤਰੇ ਮਾਈ ਦਾ ਲਾਲ ਜੋ, ਨਿਉਂ ਰੱਬ ਦੇ ਨਾਲ ਨਿਭਾਉਂਦਾ ਬੰਦਾ।
ਦੱਦਾਹੂਰੀਆ ਨਾਮ ਦੇ ਬਾਝੋ, ਹੈ ਜੀਵਨ ਬੇ-ਅਰਥ ਗਵਾਉਂਦਾ ਬੰਦਾ॥

Jasveer Shrma Dadahoor 94176-22046

 

 

 

 

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
94176-22046

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply