Sunday, December 22, 2024

ਭਾਗਸਰ ਮਾਈਨਰ ‘ਤੇ ਨਾਜਾਇਜ਼ ਰੱਖੀਆਂ ਚੋਰ ਮੋਰੀਆਂ ਦਾ ਪਰਦਾਫਾਸ਼

PPN220615

ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਪਿੰਡ ਸ਼ਾਹਪੁਰਾ ਦੇ ਨਜ਼ਦੀਕ ਭਾਗਸਰ ਮਾਈਨਰ ‘ਤੇ ਬੀਤੀ ਕੱਲ੍ਹ ਸ਼ਾਮ ਕੁਝ ਕਿਸਾਨਾਂ ਵੱਲੋਂ ਇਕ ਮੋਘੇ ਨਾਲ ਨਾਜਾਇਜ਼ ਛੇੜਛਾੜ ਕਰਕੇ ਉਸ ਵਿਚ ਰੱਖੀਆਂ ਕੁਝ ਚੋਰ ਮੋਰੀਆਂ ਦੀ ਪਰਦਾਫਾਸ਼ ਹੋਣ ਦੀ ਖ਼ਬਰ ਹੈ। ਮੋਘੇ ਦੀ ਭੰਨ ਤੋੜ ਵੀ ਉਸ ਵੇਲੇ ਕੀਤੀ ਗਈ ਜਦ ਕੁਝ ਹੀ ਸਮੇਂ ਬਾਅਦ ਮਾਈਨਰ ਵਿਚ ਵਾਰਾਬੰਦੀ ਬਾਅਦ ਪਾਣੀ ਛੱਡ ਦਿੱਤਾ ਗਿਆ ਜੋ ਕਿ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਜਾਪਦਾ ਹੈ। ਟੇਲਾਂ ‘ਤੇ ਬੈਠੇ ਕਿਸਾਨਾਂ ਨੇ ਮੋਘਾ ਤੋੜਨ ਵਾਲੇ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਨ ਅਤੇ ਮੋਘੇ ਨੂੰ ਕੈਦ ਕਰਨ ਦੀ ਮੰਗ ਕੀਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਭਾਗਸਰ ਮਾਈਨਰ ਦੀਆਂ ਟੇਲਾਂ ‘ਤੇ ਘੱਟ ਪਾਣੀ ਪੁੱਜਣ ਕਾਰਨ ਟਾਹਲੀਵਾਲਾ ਜੱਟਾਂ ਨਾਲ ਸਬੰਧਿਤ ਮੋਘਾ ਨੰਬਰ 90292 ਟੀ. ਐਲ. ਅਤੇ ਮੋਘਾ ਨੰਬਰ 90292 ਟੀ. ਆਰ. ਦੇ ਹਿੱਸੇਦਾਰ ਕਿਸਾਨਾਂ ਗੁਰਦਰਸ਼ਨ ਸਿੰਘ ਗਰੇਵਾਲ, ਗੁਰਲਾਭ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਆਦਿ ਆਪਣੇ ਖ਼ਰਚੇ ‘ਤੇ ਮਾਈਨਰ ਦੀ ਸਫ਼ਾਈ ਕਰਵਾ ਰਹੇ ਸਨ ਜਦੋਂ ਸਫ਼ਾਈ ਕਰਵਾ ਰਹੇ ਕਿਸਾਨ ਆਪਣਾ ਕੰਮ ਕਰਵਾ ਕੇ ਘਰ ਪਰਤਣ ਲੱਗੇ ਤਾਂ ਉਨ੍ਹਾਂ ਨੇ ਬੁਰਜੀ ਨੰਬਰ 90265 ਟੀ. ਐਲ. ਮੋਘੇ ‘ਤੇ ਆ ਕੇ ਵੇਖਿਆ ਤਾਂ ਮੋਘੇ ਨੂੰ ਦੁਬਾਰਾ ਪੁੱਟ ਕੇ ਲਾਉਣ ਬਾਰੇ ਸ਼ੱਕ ਨਜ਼ਰ ਆਇਆ। ਕਿਸਾਨਾਂ ਮੁਤਾਬਿਕ ਜਦ ਉਨ੍ਹਾਂ ਨੇ ਮਾਈਨਰ ਵਿਚ ਉਤਰ ਕੇ ਵੇਖਿਆਂ ਤਾਂ ਉਨ੍ਹਾਂ ਨੂੰ ਮੋਘੇ ਨਾਲ ਰੱਖੀਆਂ ਗੁਪਤ ਮੋਰੀਆ ਨਜ਼ਰ ਆਈਆਂ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਵਿਭਾਗ ਦੇ ਜੇ. ਈ.ਅਤੇ ਸਬੰਧਿਤ ਐਸ. ਡੀ. ਓ. ਨੂੰ ਦਿੱਤੀ ਗਈ। ਉੱਧਰ ਕਿਸਾਨ ਪੱਤਰਕਾਰਾਂ ਨੂੰ ਲੈ ਕੇ ਉਕਤ ਮੋਘੇ ‘ਤੇ ਪਹੁੰਚ ਗਏ ਉਸ ਵੇਲੇ ਬੇਲਦਾਰ ਕਿੰਦਰ ਸਿੰਘ ਅਤੇ ਉਡੀਕ ਚੰਦ ਵੀ ਮੌਕੇ ‘ਤੇ ਹਾਜ਼ਰ ਸਨ। ਬੇਲਦਾਰ ਕਿੰਦਰ ਸਿੰਘ ਨੇ ਮੋਘੇ ਨੂੰ ਤੋੜ ਕੇ ਇਸ ਵਿਚ ਰੱਖੀਆਂ ਗੁਪਤ ਅਤੇ ਨਾਜਾਇਜ਼ ਮੋਰੀਆਂ ਵੀ ਪੱਤਰਕਾਰਾਂ ਨੂੰ ਵਿਖਾਈਆਂ। ਇਸ ਘਟਨਾ ਨੂੰ ਲੈ ਕੇ ਟੇਲਾਂ ਨਾਲ ਸਬੰਧਿਤ ਕਿਸਾਨਾਂ ਵਿਚ ਵੱਡਾ ਰੋਸ ਫੈਲ ਗਿਆ। ਘਟਨਾ ਨੂੰ ਅਨਜਾਮ ਉਸ ਵੇਲੇ ਦਿੱਤਾ ਗਿਆ ਜਦ ਮੋਘਾ ਤੋੜ ਕੇ ਲਾਉਣ ਬਾਅਦ ਦੋ ਘੰਟੇ ਬਾਅਦ ਮਾਈਨਰ ਵਿਚ ਪਾਣੀ ਛੱਡ ਦਿੱਤਾ ਗਿਆ ਜਦ ਇਸ ਸੰਬੰਧੀ ਵਿਭਾਗ ਦੇ ਐਸ.ਡੀ.ਓ. ਸ੍ਰੀ ਐੱਚ.ਐਸ. ਦਰਦੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੂੰ ਇਸ ਸੰਬੰਧੀ ਤਾਰ ਭੇਜ ਕਿ ਮੋਘੇ ਨੂੰ ਕੈਦ ਕਰਨ ਅਤੇ ਮੋਘੇ ਨਾਲ ਸਬੰਧਿਤ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਕਾਰਵਾਈ ਕਰ ਦਿੱਤੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply