ਵਿਦਿਆਰਥੀ 30 ਸਤੰਬਰ ਤੱਕ ਬਿਨੈ ਪੱਤਰ ਦੇਣ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ)-‘ਸਰਕਾਰ ਵੱਲੋਂ ਘੱਟ ਗਿਣਤੀ ਨਾਲ ਸਬੰਧਤ ਵਿਦਿਆਰਥੀ, ਜੋ ਕਿ ਗਰੈਜੂਏਟ, ਪੋਸਟ ਗਰੈਜੂਏਟ, ਤਕਨੀਕੀ ਜਾਂ ਪ੍ਰੋਫੈਸ਼ਨਲ ਪੜਾਈ ਕਰ ਰਹੇ ਹਨ, ਲਈ ਵਿਸ਼ੇਸ਼ ਵਜੀਫਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀ ਪੰਜ ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਦਾ ਵਜੀਫਾ ਪ੍ਰਾਪਤ ਕਰ ਸਕਦੇ ਹਨ। ਇੰਨਾਂ ਘੱਟ ਗਿਣਤੀਆਂ ਵਿਚ ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨੀ ਵਿਦਿਆਰਥੀ ਸ਼ਾਮਿਲ ਹਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਪ੍ਰੈਸ ਬਿਆਨ ਵਿਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਜੀਫੇ ਲਈ ਬਿਨੈ ਪੱਤਰ ਦੇਣ ਵਾਲੇ ਵਿਦਿਆਰਥੀ ਦੇ ਮਾਪਿਆਂ ਦੀ ਸਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਵਿਦਿਆਰਥੀ ਸਮਰੱਥ ਅਥਾਰਟੀ ਦੁਆਰਾ ਪ੍ਰਵਾਨਿਤ ਪੰਜਾਬ ਰਾਜ ਵਿਚਲੀ ਕਿਸੇ ਸੰਸਥਾ ਵਿਚ ਪੜਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਜੀਫ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਜਿੰਨਾਂ ਪਿਛਲੇ ਸਾਲ ਦੀ ਪ੍ਰੀਖਿਆ ਵਿਚੋਂ ਘੱਟੋ-ਘੱਟ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਬਿਨੈ ਪੱਤਰ ਦੇਣ ਵਾਲੇ ਵਿਦਿਆਰਥੀ ਬਿਨੈ ਪੱਤਰ ਦੇ ਨਾਲ ਆਪਣੇ ਮਾਪਿਆਂ ਵੱਲੋਂ ਆਮਦਨ ਸਰਟੀਫਿਕੇਟ ਵਜੋਂ ਹਲਫੀਆ ਬਿਆਨ ਲਗਾਉਣ।ਉਨ੍ਹਾਂ ਕਿਹਾ ਕਿ ਨਵੇਂ ਬਿਨੈ ਪੱਤਰਾਂ ਲਈ ਸੰਸਥਾਵਾਂ ਵਿਚ ਆਨ ਲਾਈਨ ਪੇਸ਼ ਕਰਨ ਦੀ ਮਿਤੀ 30 ਸਤੰਬਰ ਹੈ ਅਤੇ ਸੰਸਥਾਵਾਂ ਦੁਆਰਾ ਹਾਰਡ ਕਾਪੀ ਵਜੋਂ ਭਲਾਈ ਵਿਭਾਗ ਨੂੰ ਦੇਣ ਦੀ ਆਖਰੀ ਮਿਤੀ 10 ਅਕਤੂਬਰ ਹੈ। ਇਸੇ ਤਰਾਂ ਨਵਿਆਉਣ ਵਾਲੇ ਵਜੀਫਿਆਂ ਲਈ ਵਿਦਿਆਰਥੀ 15 ਨਵੰਬਰ ਤੱਕ ਅਤੇ ਸੰਸਥਾਵਾਂ 20 ਨਵੰਬਰ ਤੱਕ ਬਿਨੈ ਪੱਤਰ ਦੇਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ ‘ਤੇ ਮੌਜੂਦ ਹੈ। ਇਸ ਤੋਂ ਇਲਾਵਾ ਵਿਭਾਗ ਦੇ ਟੋਲ ਫ੍ਰੀ ਨੰਬਰ 1800-137-0015 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।