Sunday, December 22, 2024

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣੇ ਦੇ ਸਿੱਖ ਵੀਰਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਅਪੀਲ

PPN040703
ਅੰਮ੍ਰਿਤਸਰ, 4 ਜੁਲਾਈ ( ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਹਰਿਆਣੇ ਦੇ ਸਿੱਖ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀ ਭਰਾ ਮਾਰੂ ਜੰਗ ਤੋਂ ਕਿਸੇ ਤਰੀਕੇ ਨਾਲ ਬਚਿਆ ਜਾਵੇ, ਕਿਉਂਕਿ ਕੁੱਝ ਪੰਥ ਵਿਰੋਧੀ ਸ਼ਕਤੀਆਂ ਨੇ ਹਰ ਤਰੀਕੇ ਨਾਲ ਸਿੱਖਾਂ ਨੂੰ ਵੰਡਣ ਦੀ ਨੀਤੀ ਅਪਨਾਈ ਹੈ। ਭਾਵੇ ਪਟਨਾ ਸਾਹਿਬ ਬੋਰਡ ਜਾਂ ਸੱਚਖੰਡ ਬੋਰਡ ਹਜ਼ੂਰ ਸਾਹਿਬ ਹੋਵੇ, ਸਿੱਖਾਂ ਦੀ ਤਾਕਤ ਨੂੰ ਹਰ ਪਹਿਲੂ ਤੋਂ ਘਟਾਉਣ ਲਈ ਹਰ ਹੀਲਾ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਵਰਤਿਆ ਗਿਆ ਹੈ। ਅੱਜ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਅਪੀਲ ਕਰਿਦਆਂ ਕਿਹਾ ਹੈ ਕਿ ਹਰਿਆਣੇ ਦੇ ਸਿੱਖ ਵੀਰੋ! ਕੁੱਝ ਵੀਚਾਰ ਕਰੋ, ਤੁਸੀਂ ਅਣਭੋਲ ਬਣਕੇ ਪੰਥ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ ਦਾ ਸ਼ਿਕਾਰ ਨਾ ਹੋਵੋ। ਇਨ੍ਹਾਂ ਪੰਥ ਵਿਰੋਧੀ ਸ਼ਕਤੀਆਂ ਨੇ ਹਮੇਸ਼ਾਂ ਹੀ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਹੈ। ਜਿਸ ਤਰ੍ਹਾਂ ਪਹਿਲਾਂ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਪਟਨਾ ਸਾਹਿਬ ਬੋਰਡ, ਸੱਚਖੰਡ ਬੋਰਡ ਹਜ਼ੂਰ ਸਾਹਿਬ ਬਣਾਇਆ।ਇਸੇ ਤਰ੍ਹਾਂ ਹੀ ਹੁਣ ਹਰ ਹੀਲੇ ਇਹ ਹਰਿਆਣੇ ਦੇ ਸਿੱਖਾਂ ਦੀ ਸ਼ਕਤੀ ਘਟਾਉਣ ਲਈ ਹਰਿਆਣੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਜਾ ਰਹੀ ਹੈ।ਸਿੰਘ ਸਾਹਿਬ ਨੇ ਤਾਕੀਦ ਕੀਤੀ ਕਿ ਸਿੱਖ ਵੀਰੋ ਇਹ ਤਾਂ ਅਸੀ ਸਮਝਣਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਜਿਵੇਂ ਇੱਕ ਲਾਇਕ ਪੁੱਤਰ ਪਿਤਾ ਦੀ ਜਾਇਦਾਦ ਨੂੰ ਸਾਂਭ ਕੇ ਰੱਖਦਾ ਹੈ ਅਤੇ ਵਧਾਉਂਦਾ ਹੈ ਪ੍ਰੰਤੂ ਇਕ ਨਖੱਟੂ ਪੁੱਤਰ ਜਾਇਦਾਦ ਗਵਾ ਦਿੰਦਾ ਹੈ। ਇਸ ਲਈ ਕਹਾਵਤ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਹਨ। ਅਸੀਂ ਆਪਣੇ ਬਜੁਰਗਾਂ ਵੱਲੋਂ ਕੁਰਬਾਨੀਆਂ ਕਰਕੇ ਬਣਾਈ ਗਈ ਸ਼੍ਰੋਮਣੀ ਕਮੇਟੀ ਦੀ ਸ਼ਕਤੀ ਨੂੰ ਕਿਸੇ ਦੇ ਪਿਛੇ ਲੱਗ ਕੇ ਬਰਬਾਦ ਨਹੀਂ ਕਰਨਾ ਅਤੇ ਇਸ ਦੇ ਟੋਟੇ ਨਹੀਂ ਹੋਣ ਦੇਣੇ।ਇਸ ਲਈ ਇਹ ਕਮੇਟੀ ਬਣਾਉਣੀ ਕਿਸੇ ਤਰ੍ਹਾਂ ਵੀ ਸਾਡੇ ਹਿਤ ਲਈ ਨਹੀਂ ਹੈ। ਇਸ ਲਈ ਅਸੀਂ ਸਾਰੇ ਸਮਝੀਏ ਕਿ ਦੁਸ਼ਮਣ ਦੀ ਚਾਲ ਕਿਸ ਤਰ੍ਹਾਂ ਦੀ ਹੈ। ਉਨਾਂ ਕਿਹਾ ਕਿ ਜਿਹੜੇ ਬੁੱਧੀਜੀਵੀ ਵੀਰ ਉਚੀ ਸੁਰ ਵਿਚ ਵੱਖਰੀ ਕਮੇਟੀ ਦੀ ਹਾਮੀ ਭਰ ਰਹੇ ਹਨ, ਇਹਨਾਂ ਦੀ ਅਵਾਜ਼ ਸਿੱਖ ਮਸਲਿਆਂ ਪ੍ਰਤੀ ਕਿਉਂ ਨਹੀਂ ਨਿਕਲੀ? ‘ਜਿਹੜੇ ਜਿਉਂ ਦੇ ਤਿਉਂ ਪੈਂਡਿੰਗ ਪਏ ਹਨ, ਸਿੱਖ ਜੇਲ੍ਹਾਂ ਵਿਚ ਰੁਲ ਰਹੇ ਹਨ, ਜੇਲ੍ਹਾਂ ਵਿਚ ਬਿਮਾਰਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ, ੧੯੮੪ ਦੰਗਿਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਹੋਈਆਂ’।ਇਸ ਲਈ ਬੁੱਧੀਜੀਵੀ ਵੀਰ ਸਿੱਖ-ਸ਼ਕਤੀ ਨੂੰ ਬਲਵਾਨ ਬਣਾਉਣ ਲਈ ਆਪਣੀਆਂ ਸੇਵਾਵਾਂ ਦੇਣ।  ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੋਰ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਇੱਕ ਵਿਅਕਤੀ ਦੀ ਨਹੀਂ, ਇਹ ਸਮੁੱਚੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਜਿਸ ਦੀ ਸ਼ਕਤੀ ਨੂੰ ਵਧਾਉਣਾ ਹਰ ਇਕ ਸਿੱਖ ਦਾ ਫਰਜ਼ ਹੈ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply