Saturday, December 21, 2024

ਨਸ਼ਾ ਛੱਡਣ ਵਾਲੇ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਕਾਨੂੰਨ ਲਿਆਵਾਂਗੇ- ਬਾਦਲ

ਨਵੀਆਂ ਜੇਲਾਂ ਵਿਚ ਬਣਨਗੇ ਵੱਡੇ ਨਸ਼ਾ ਛਡਾਊ ਕੇਂਦਰ

PPN040719

ਅੰਮ੍ਰਿਤਸਰ, 4  ਜੁਲਾਈ (ਸੁਖਬੀਰ ਸਿੰਘ) – ‘ਨਸ਼ਾ ਛੱਡਣ ਵਾਲੇ ਜੇਲ ਵਿਚ ਬੰਦ ਕੈਦੀਆਂ ਦੀ ਸਜ਼ਾ ਘਟਾਉਣ ਬਾਰੇ ਪੰਜਾਬ ਸਰਕਾਰ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ, ਤਾਂ ਜੋ ਨਸ਼ਾ ਛੱਡਣ ਵਾਲੇ ਕੈਦੀ ਦੀ ਹੌਸਲਾ ਅਫਜਾਈ ਕੀਤੀ ਜਾ ਸਕੇ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਕੇਂਦਰੀ ਸੁਧਾਰ ਘਰ ਵਿਚ ਚੱਲ ਰਹੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕਰਨ ਮੌਕੇ ਕੈਦੀਆਂ ਨੂੰ ਸੰਬੋਧਨ ਕਰਦੇ ਕੀਤਾ। ਸ. ਬਾਦਲ ਨੇ ਕਿਹਾ ਕਿ ਇਹ ਜੇਲਾਂ ਨਹੀਂ, ਬਲਕਿ ਸੁਧਾਰ ਘਰ ਹਨ ਅਤੇ ਨਸ਼ਾ ਇਕ ਬਿਮਾਰੀ। ਉਨਾਂ ਕੈਦੀਆਂ ਨੂੰ ਕਿਹਾ ਕਿ ਜੇਕਰ ਉਹ ਇਸ ਬਿਮਾਰੀ ਨੂੰ ਆਪਣੇ ਗਲੋਂ ਲਾਹੁਣਾ ਚਾਹੁੰਦੇ ਹਨ ਤਾਂ ਇਨਾਂ ਨੂੰ ਜੇਲ ਨਾ ਸਮਝਣ ਬਲਕਿ ਸੁਧਾਰ ਘਰ ਸਮਝਣ, ਤਾਂ ਹੀ ਉਹ ਇਸ ਕੋਹੜ ਨੂੰ ਲਾਹ ਸਕਣਗੇ। ਉਨਾਂ ਕਿਹਾ ਕਿ ਨਵੀਆਂ ਜੇਲਾਂ ਵਿਚ ਵੱਡੇ ਨਸ਼ਾ ਛਡਾਊ ਕੇਂਦਰ ਖੋਲੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਕੈਦੀਆਂ ਨੂੰ ਨਸ਼ਾ ਮੁਕਤ ਕਰਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾ ਸਕੇ। ਇਸ ਮੌਕੇ ਕੈਦੀਆਂ ਦੀਆਂ ਮੁਸ਼ਿਕਲਾਂ ਸੁਣਦੇ ਜਦ ਕੁੱਝ ਵਿਚਾਰ ਅਧੀਨ ਕੈਦੀਆਂ ਨੇ ਪੁਲਿਸ ‘ਤੇ ਧੱਕੇ ਨਾਲ ਨਸ਼ੀਲਾ ਪਾਊਡਰ ਮੜਨ ਦੇ ਦੋਸ਼ ਲਗਾਏ ਤਾਂ ਸ. ਬਾਦਲ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਇਨਾਂ ਵਿਚੋਂ ਕੁੱਝ ਇਕ ਕੇਸਾਂ ਦੀ ਅਜਮਾਇਸ਼ ਦੇ ਤੌਰ ‘ਤੇ ਜਾਂਚ ਕਰਨ ਦੇ ਆਦੇਸ਼ ਆਈ ਜੀ ਸ੍ਰੀ ਈਸ਼ਵਰ ਚੰਦਰ ਨੂੰ ਦਿੱਤੇ ਅਤੇ ਕਿਹਾ ਕਿ ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਦੱਸਣ। ਸ. ਬਾਦਲ ਨੇ ਕਿਹਾ ਕਿ ਉਹ ਖੁਦ ੧੫ ਸਾਲ ਵੱਖ-ਵੱਖ ਜੇਲਾਂ ਵਿਚ ਰਹੇ ਹਨ, ਇਸ ਲਈ ਉਹ ਕੈਦੀਆਂ ਦੀਆਂ ਮੁਸ਼ਿਕਲਾਂ ਤੋਂ ਭਲੀ-ਭਾਂਤ ਜਾਣੂੰ ਹਨ ਅਤੇ ਇਨਾਂ ਨੂੰ ਦੂਰ ਕਰਨ ਦਾ ਹਰ ਹੀਲਾ ਵਰਤਣਗੇ। ਉਨਾਂ ਕੈਦੀਆਂ ਨੂੰ ਨਸ਼ਾ ਛੱਡਣ ਲਈ ਮਨ ਬਨਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਰੁੱਝੇ ਹੋਏ ਰੱਖਣ ਲਈ ਜੇਲ ਵਿਚ ਖੇਤੀਬਾੜੀ, ਬਾਗਬਾਨੀ ਜਾਂ ਖੇਡਾਂ ਆਦਿ ਵੱਲ ਧਿਆਨ ਲਗਾਉਣ ਦੀ ਨਸੀਹਤ ਵੀ ਕੀਤੀ।

                         ਸ. ਬਾਦਲ ਨੇ ਆਪਣਾ ਇਰਾਦਾ ਦ੍ਰਿੜ ਕਰਦੇ ਕਿਹਾ ਕਿ ਉਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚੋਂ ਕੱਢਕੇ ਰਹਿਣਗੇ, ਚਾਹੇ ਇਸ ਲਈ ਕਿੰਨਾ ਹੀ ਖਰਚ ਕਿਉਂ ਨਾ ਕਰਨਾ ਪਵੇ। ਉਨਾਂ ਨਸ਼ਾ ਛੱਡ ਰਹੇ ਨੌਜਵਾਨਾਂ ਦੀ ਖੁਰਾਕ ਵਧਾਉਣ ਬਾਰੇ ਵੀ ਡਾਕਟਰਾਂ ਨੂੰ ਉਨਾਂ ਦੀ ਲੋੜ ਅਨੁਸਾਰ ਖੁਰਾਕ ਦੀ ਸਿਫਾਰਸ ਕਰਨ ਦੀ ਹਦਾਇਤ ਕੀਤੀ, ਤਾਂ ਜੋ ਉਕਤ ਨੌਜਵਾਨ ਕਿਸੇ ਕਮਜ਼ੋਰੀ ਦਾ ਸਾਹਮਣਾ ਨਾ ਕਰਨ। ਇਸ ਮੌਕੇ ਜੇਲ ਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਕੈਦੀਆਂ ਨੂੰ ਸੰਬੋਧਨ ਕਰਦੇ ਨਸ਼ਾ ਮੁਕਤੀ ਦੀ ਅਪੀਲ ਕੀਤੀ ਅਤੇ ਜੇਲ ਪ੍ਰਸ਼ਾਸਨ ਵੱਲੋਂ ਇਸ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਜੀ ਪੀ ਜੇਲਾਂ ਸ੍ਰੀ ਮੀਨਾ, ਪੀ ਜੀ ਆਈ ਦੇ ਨਸ਼ਾ ਮੁਕਤੀ ਬਾਰੇ ਮਾਹਿਰ ਡਾਕਟਰ ਅਵਸਥੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਸੀਪਲ ਸਕੱਤਰ ਸਿਹਤ ਵਿੰਨੀ ਮਹਾਜਨ, ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ ਜੀ ਐਸ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਿਸ ਜਤਿੰਦਰ ਸਿੰਘ ਔਲਖ, ਆਈ ਜੀ ਈਸ਼ਵਰ ਚੰਦਰ, ਐਸ ਐਸ ਪੀ ਦਿਹਾਤੀ ਗੁਰਪ੍ਰੀਤ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਸਭਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply