ਹਰ ਵਿਦਿਆਰਥੀ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰੇ – ਛੀਨਾ
ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਵਿੱਦਿਆ, ਖੇਡਾਂ ਅਤੇ ਸੱਭਿਆਚਾਰਕ
ਗਤੀਵਿਧੀਆਂ ’ਚ ਨਾਮਣਾ ਖੱਟ ਰਹੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਮਹਾ ਉਤਸਵ ਮਨਾਇਆ ਗਿਆ।ਜਿਸ ’ਚ ਉਚੇਚੇ ਤੌਰ ’ਤੇ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬੂਟਾ ਲਗਾ ਕੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਨ ਉਪਰੰਤ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਹਰ ਵਿਦਿਆਰਥੀ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸਦੀ ਸੰਭਾਲ ਕਰੇ।
ਇਸ ਮੌਕੇ ਛੀਨਾ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਲਈ ਅਹਿਮ ਮਹੱਤਤਾ ਰੱਖਦੇ ਹਨ ਅਤੇ ਜੇਕਰ ਰੁੱਖਾਂ ਦੀ ਬਿਨ੍ਹਾਂ ਵਜ੍ਹਾ ਕਟਾਈ ਨੂੰ ਨਾ ਰੋਕਿਆ ਗਿਆ ਤਾਂ ਮਨੁੱਖੀ ਜੀਵਨ ਵਿਨਾਸ਼ ਦੇ ਸਿਖ਼ਰ ਤੱਕ ਪਹੁੰਚ ਜਾਵੇ।ਉਨ੍ਹਾਂ ਕਿਹਾ ਕਿ ਕਈ ਨਿੱਜੀ ਕੰਪਨੀਆਂ ਤੇ ਹੋਰ ਕਾਰੋਬਾਰੀ ਰੁੱਖਾਂ ਦੀ ਕਟਾਈ ਕਰਦੇ ਹਨ, ਜਿਸ ਨਾਲ ਰੁੱਖਾਂ ਦੀ ਗਿਣਤੀ ’ਚ ਘਾਟਾ ਹੋ ਰਿਹਾ ਹੈ, ਜੋ ਕਿ ਸਾਡੀ ਆਉਣ ਵਾਲੀ ਨਸਲ ਲਈ ਅਤਿ ਘਾਤਕ ਹੈ।ਇਸ ਲਈ ਸੜਕਾਂ, ਫੁੱਟਪਾਥਾਂ ਤੇ ਹੋਰ ਯੋਗ ਸਥਾਨਾਂ ’ਤੇ ਆਪਣੇ ਮੁੱਢਲੇ ਫ਼ਰਜ਼ ਨੂੰ ਸਮਝਦਿਆਂ ਬੂਟੇ ਲਗਾਉਣ ਨੂੰ ਵੀ ਤਰਜੀਹ ਦੇਣ ਤਾਂ ਅੱਤ ਦੀ ਤਪਸ਼, ਪਾਣੀ ਜਰੂਰਤ ਵਰਗੀਆਂ ਲੋੜਾਂ ਦੀ ਜੀਵਨ ’ਚ ਥੋੜ੍ਹ ਨਾ ਆ ਸਕੇ।
ਇਸ ਮੌਕੇ ਛੀਨਾ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਵਲੋਂ ਪੌਦੇ ਲਗਾਉਣ ਵਾਲੇ ਕੀਤੇ ਗਏ ਉਦਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਉਹ ਲੋੜਵੰਦ ਸਥਾਨ ’ਤੇ ਪੌਦੇ ਲਗਾਉਣ ਤਾਂ ਜੋ ਵਾਤਾਵਰਣ ਨੂੰ ਦਰੁਸਤ ਰੱਖਿਆ ਜਾ ਸਕੇ।
ਪ੍ਰਿੰ: ਭੰਗੂ ਨੇ ਕਿਹਾ ਕਿ ਰੁੱਖਾਂ ਦੀ ਘਾਟ ਨਾਲ ਜਿਥੇ ਮੌਸਮ ’ਚ ਕਾਫ਼ੀ ਪਰਿਵਰਤਨ ਆ ਗਿਆ ਹੈ, ਉਥੇ ਇਸ ਨਾਲ ਇਨਸਾਨ ਕਈ ਸਰੀਰਿਕ ਰੋਗਾਂ ਦਾ ਸ਼ਿਕਾਰ ਵੀ ਹੋ ਰਿਹਾ ਹੈ ਅਤੇ ਇਸ ਲਈ ਵਾਤਾਵਰਣ ਨੂੰ ਬਚਾਉਣ ਦੇ ਲਈ ਯੋਗਦਾਨ ਪਾਉਂਦਿਆ ਹਰੇਕ ਮਨੁੱਖ ਵੱਧ ਤੋਂ ਵੱਧ ਪੌਦੇ ਲਗਾ ਕੇ ਉਸ ਦੀ ਪ੍ਰਵਰਿਸ਼ ਕਰੇ।ਇਸ ਉਪਰੰਤ ਸਕੂਲ ਦੇ ਵਿਹੜੇ ’ਚ ਹਾਜ਼ਰ ਵਿਦਿਆਰਥੀਆਂ ਨੇ ਆਪਣੇ ਹੱਥੀਂ ਵੱਖ-ਵੱਖ ਕਿਸਮਾਂ ਦੇ ਪੌਦੇ ਵੀ ਲਗਾਏ।ਇਸ ਮੌਕੇ ਜੁਆਇੰਟ ਸਕਤਰ ਸਰਦੂਲ ਸਿੰਘ ਮੰਨਣ, ਅੰਡਰ ਸੈਕਟਰੀ ਡੀ.ਐਸ ਰਟੌਲ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media