Tuesday, March 10, 2026

ਗੁੱਤ ਕੱਟੇ ਜਾਣ ਦੀਆਂ ਘਟਨਾਵਾਂ ਪਿੱਛੇ ਅਰਧ ਮਾਨਸਿਕ ਚੇਤਨ ਵਿਅਕਤੀਆਂ ਦੀਆਂ ਦੱਬੀਆਂ ਇੱਛਾਵਾਂ – ਤਰਕਸ਼ੀਲ

tantrikਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਉਤਰੀ ਭਾਰਤ ਵਿੱਚ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਗੁੱਤ ਕੱਟੇ ਜਾਣ ਦੀਆਂ ਘਟਨਾਵਾਂ ਨੂੰ ਅਰਧ ਮਾਨਸਿਕ ਚੇਤਨ ਵਿਅਕਤੀਆ ਦੀਆਂ ਦੱਬੀਆਂ ਇੱਛਾਵਾਂ ਦੀ ਪੂਰੀ ਦਸਦਿਆਂ ਆਮ ਲੋਕਾਂ ਨੂੰ ਇਨਾਂ ਪ੍ਰਤੀ ਵਿਗਿਆਨਕ ਦਿ੍ਰਸ਼ਟੀਕੋਣ ਅਪਨਾਉਣ ਅਤੇ ਪਾਖੰਡੀਆਂ ਤੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਸੁਸਾਇਟੀ ਦੀ ਅੰਮਿ੍ਰਤਸਰ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਅਜਿਹੀਆਂ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਾਪਰ ਰਹੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਪਿਛੇ ਕੋਈ ਕਥਿਤ ਭੂਤ ਪ੍ਰੇਤ, ਓਪਰੀ ਸ਼ੈਅ ਜਾਂ ਕਾਲਾ ਇਲਮ ਨਹੀਂ ਸਗੋਂ ਇਹ ਘਟਨਾਵਾਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਉਨਾਂ ਅਰਧ ਮਾਨਸਿਕ ਚੇਤਨ ਔਰਤਾਂ ਵਿਅਕਤੀਆਂ ਵਲੋਂ ਇਕੱਲੇ ਜਾਂ ਸਾਂਝੇ ਤੌਰ `ਤੇ ਕੀਤੀਆਂ ਜਾ ਰਹੀਆਂ ਹਨ, ਜਿਨਾਂ ਦੇ ਅਚੇਤ ਮਨ ਅੰਦਰ ਵਾਲ ਕਟਾਉਣ ਦੀ ਇੱਛਾ ਛੁਪੀ ਹੁੰਦੀ ਹੈ, ਪਰ ਉਹ ਪਰਿਵਾਰ ਅਤੇ ਸਮਾਜ ਤੋਂ ਡਰਦੇ ਮਾਰੇ ਅਜਿਹਾ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਦੇ।
ਤਰਕਸ਼ੀਲ ਆਗੂਆਂ ਦੱਸਿਆ ਕਿ ਪਾਖੰਡਵਾਦ ਰਾਹੀਂ ਆਪਣੀ ਲੁੱਟ ਦੀ ਦੁਕਾਨਦਾਰੀ ਚਲਾਉਣ ਵਾਲੇ ਕੁੱਝ ਗੈਰ ਸਮਾਜੀ ਅਨਸਰ ਗੁੱਤਾਂ ਕੱਟਣ ਦੀਆਂ ਘਟਨਾਵਾਂ ਨੂੰ ਕਥਿਤ ਭੂਤ ਪ੍ਰੇਤਾਂ ਜਾਂ ਕਾਲੇ ਇਲਮ ਨਾਲ ਜੋੜ ਕੇ ਸਮਾਜ ਵਿਚ ਅੰਧ ਵਿਸ਼ਵਾਸ, ਅਫਵਾਹਾਂ ਅਤੇ ਸਨਸਨੀ ਫੈਲਾ ਰਹੇ ਹਨ, ਜਿਸ ਦੀ ਪ੍ਰਸ਼ਾਸਨਿਕ ਅਤੇ ਮਨੋਵਿਗਿਆਨਕ ਪੱਧਰ ਤੇ ਜਾਂਚ ਪੜਤਾਲ ਕਰਦੇ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਤਰਕਸ਼ੀਲ ਆਗੂਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਵਲੋਂ ਪਿਛਲੇ 33 ਸਾਲਾਂ ਵਿਚ ਘਰਾਂ ਵਿਚ ਆਪਣੇ ਆਪ ਅੱਗਾਂ ਲੱਗਣ, ਵਾਲ ਕੱਟੇ ਜਾਣ, ਕੱਪੜੇ ਕੱਟਣ, ਖੂਨ ਦੇ ਛਿੱਟੇ ਪੈਣ ਅਤੇ ਰੋੜੇ ਵੱਜਣ ਦੀਆਂ ਹਜ਼ਾਰਾਂ ਘਟਨਾਵਾਂ ਦੀ ਵਿਗਿਆਨਕ ਜਾਂਚ ਪੜਤਾਲ ਕੀਤੀ ਗਈ ਹੈ ਅਤੇ ਇਨਾਂ ਦੇ ਵਾਪਰਨ ਪਿਛੇ ਸਿਰਫ ਮਨੁੱਖੀ ਹੱਥ ਸਾਬਤ ਕਰਕੇ ਪਾਖੰਡੀਆਂ ਵਲੋਂ ਫੈਲਾਏ ਗਏ ਕਥਿਤ ਭੂਤਾਂ ਪ੍ਰੇਤਾਂ ਅਤੇ ਕਾਲੇ ਇਲਮ ਦੇ ਅੰਧ ਵਿਸ਼ਵਾਸ ਦਾ ਪਰਦਾਫਾਸ਼ ਕੀਤਾ ਹੈ। ਉਨਾਂ ਪੰਜਾਬ ਦੇ ਸਮੂਹ ਵਰਗਾਂ ਦੇ ਲੋਕਾਂ ਅਤੇ ਸਮੁੱਚੇ ਮੀਡੀਏ ਨੂੰ ਅਪੀਲ ਕੀਤੀ ਕਿ ਉਹ ਅੰਧ ਵਿਸ਼ਵਾਸ਼ਾਂ, ਅਫਵਾਹਾਂ ਅਤੇ ਪਾਖੰਡੀਆਂ ਦੇ ਝਾਂਸੇ ਵਿਚ ਨਾ ਫਸਣ ਅਤੇ ਅਜਿਹੀਆਂ ਘਟਨਾਵਾਂ ਦੀ ਤਰਕਸ਼ੀਲ ਦਿ੍ਰਸ਼ਟੀਕੋਣ ਤੋਂ ਜਾਂਚ ਪੜਤਾਲ ਕਰਕੇ ਤਰਕਸ਼ੀਲ ਸੁਸਾਇਟੀ ਦੇ ਅੰਧ ਵਿਸ਼ਵਾਸ ਮੁਕਤ ਇਕ ਲੁੱਟ ਰਹਿਤ ਸਹਿਤਮੰਦ ਸਮਾਜ ਦੀ ਸਥਾਪਤੀ ਲਈ ਆਪਣਾ ਯੋਗਦਾਨ ਪਾਉਣ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply