ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ
ਡਾਂਗਮਾਰ ਸਬੰਧੀ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਇਸ ਦੀ ਇਤਿਹਾਸਕਤਾ ਉਜਾਗਰ ਕਰਨ ਲਈ ਪ੍ਰਕਿਰਿਆ ਆਰੰਭ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਹੁਣ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੂੰ ਇੱਕ ਪੱਤਰ ਲਿਖ ਕੇ ਗੱਲਬਾਤ ਲਈ ਸਮਾਂ ਮੰਗਿਆ ਹੈ। ਪ੍ਰੋ: ਬਡੂੰਗਰ ਵੱਲੋਂ ਰਾਜਪਾਲ ਨੂੰ ਲਿਖੇ ਗਏ ਪੱਤਰ ਵਿਚ ਮਸਲੇ ਦੀ ਗੰਭੀਰਤਾ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਤੁਰੰਤ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਸਥਾਨਕ ਪ੍ਰਸ਼ਾਸਨ ਦੀ ਸ਼ਹਿ ’ਤੇ ਲਾਮਿਆਂ ਵੱਲੋਂ ਪਹਿਲੇ ਪਾਤਸ਼ਾਹ ਜੀ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਬੁੱਧ ਗੋਂਕਸ਼ਾ ਵਿਚ ਬਦਲ ਦਿੱਤਾ ਗਿਆ ਹੈ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਪਵਿੱਤਰ ਵਸਤਾਂ ਨੂੰ ਬਾਹਰ ਕੱਢ ਕੇ ਬੇਅਦਬੀ ਕੀਤੀ ਗਈ ਹੈ।ਉਨ੍ਹਾਂ ਆਖਿਆ ਕਿ ਜਿਥੇ ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਸਿੱਖਾਂ ਲਈ ਉਹ ਅਸਥਾਨ ਵਿਸ਼ੇਸ਼ ਧਾਰਮਿਕ ਅਹਿਮੀਅਤ ਰੱਖਦੇ ਹਨ।ਇਸ ਲਈ ਗੁਰਦੁਆਰਾ ਸਾਹਿਬ ਗੁਰੂ ਡਾਂਗਮਾਰ ਦੀ ਹੋਂਦ ਨੂੰ ਖਤਮ ਕੀਤੇ ਜਾਣ ਦੇ ਯਤਨਾਂ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਨੇ ਦੱਸਿਆ ਕਿ ਇਸ ਸੰਜੀਦਾ ਮਾਮਲੇ ਪ੍ਰਤੀ ਸ਼੍ਰੋਮਣੀ ਕਮੇਟੀ ਗੰਭੀਰ ਹੈ ਅਤੇ ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਹੀ ਪੰਜਾਬ ਦੇ ਮਾਨਯੋਗ ਰਾਜਪਾਲ ਪਾਸੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸਿੱਕਮ ਸਰਕਾਰ ਉਪਰ ਜ਼ੋਰ ਪਾਉਣ ਲਈ ਕਿਹਾ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋਂ ਇੱਕ ਮਤਾ ਪਾਸ ਕਰਕੇ ਜਿਥੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਸੀ, ਉਥੇ ਹੀ ਪੰਜਾਬ ਦੇ ਰਾਜਪਾਲ ਸਮੇਤ ਭਾਰਤ ਸਰਕਾਰ ਪਾਸ ਮਸਲੇ ਦੇ ਹੱਲ ਲਈ ਪਹੁੰਚ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਮਸਲਿਆਂ ਦੇ ਹੱਲ ਲਈ ਲਗਾਤਾਰ ਕਾਰਜਸ਼ੀਲ ਅਤੇ ਵਚਨਬੱਧ ਹੈ।ਦੱਸਣਾ ਬਣਦਾ ਹੈ ਕਿ ਪ੍ਰੋ: ਬਡੂੰਗਰ ਦੇ ਨਿਰਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਇਸ ਮਾਮਲੇ ਸਬੰਧੀ ਸਿੱਕਮ ਦੇ ਗੁਰਦੁਆਰਾ ਸਾਹਿਬਾਨ ਦਾ ਦੌਰਾ ਕਰਕੇ ਆਇਆ ਹੈ, ਜਿਸ ਨੇ ਆਪਣੀ ਰਿਪੋਰਟ ਵਿਚ ਗੁਰਧਾਮਾਂ ਦੀ ਹੋਈ ਬੇਅਦਬੀ ਦੀ ਪੁਸ਼ਟੀ ਕੀਤੀ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media