Tuesday, March 17, 2026

ਰੰਗਰੇਟਾ ਕਤਲੇਆਮ ਦਿਹਾੜਾ ਮਨਾਉਣ ਤੋਂ ਦਿੱਲੀ ਕਮੇਟੀ ਔਖੀ

ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚਿਆ ਮਹਾਨ ਚੇਤਨਾ ਮਾਰਚ

PPN0509201712 ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) –  ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ਮੌਕੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ’ਚ ਮਹਾਨ ਚੇਤਨਾ ਮਾਰਚ ਪੁੱਜਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ 3 ਸਤੰਬਰ ਨੂੰ ਰਵਾਨਾ ਹੋਇਆ ਮਾਰਚ ਰਾਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਵਿਸ਼ਰਾਮ ਲਈ ਰੁਕਿਆ ਸੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਅਰਦਾਸ ਉਪਰੰਤ ਮਾਰਚ ਨੂੰ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਲਈ ਰਵਾਨਾ ਕੀਤਾ।
ਕੁਲਮੋਹਨ ਸਿੰਘ ਨੇ ਰੰਗਰੇਟਾ ਸਮਾਜ ਨੂੰ ਸਿੱਖਾਂ ਤੋਂ ਵੱਖ ਕਰਨ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਤੋਂ ਕੌਮ ਨੂੰ ਸਾਵਧਾਨ ਕਰਦੇ ਹੋਏ ਦਲਿਤ ਸਿੱਖਾਂ ਦੇ ਤੌਰ ’ਤੇ ਜਾਣੇ ਜਾਂਦੇ ਰੰਗਰੇਟਾ ਸਮਾਜ ਨੂੰ ਸਿੱਖ ਕੌਮ ਦਾ ਅਣਖਿੜਵਾਂ ਅੰਗ ਦੱਸਿਆ।ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ 22 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਦਿੱਲੀ ਕਮੇਟੀ ਵੱਲੋਂ ਕੀਰਤਨ ਸਮਾਗਮ ਕਰਵਾਉਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੌਮ ਨੂੰ ਪੜਚੋਲ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਾਤ-ਪਾਤ ਦੇ ਬੰਧਨ ਤੋਂ ਮੁਕਤ ਕਰਕੇ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਸੁਨੇਹਾ ਦਿੱਤਾ ਸੀ। ਪਰ ਅਸੀਂ ਗੁਰੂਨਾਨਕ ਸਾਹਿਬ ਦੇ ਗੁਰਦੁਆਰੇ ਬਣਾਉਣ ਦੀ ਥਾਂ ਬਿਰਾਦਰੀਆਂ ਦੇ ਗੁਰਦੁਆਰੇ ਬਣਾਉਣ ਵੱਲ ਕਦਮ ਵਧਾ ਲਏ ਹਨ। PPN0509201713
ਬੀਤੇ ਦਿਨੀਂ ਗੈਰ ਪ੍ਰਮਾਣਿਤ ਇਤਿਹਾਸ ਸਹਾਰੇ ਰੰਗਰੇਟਾ ਸਮਾਜ ਦੇ ਕੁੱਝ ਲੋਕਾਂ ਵੱਲੋਂ ਰੰਗਰੇਟਾ ਕਤਲੇਆਮ ਦਿਹਾੜਾ ਮਨਾਉਣ ’ਤੇ ਇਸ਼ਾਰਿਆਂ ’ਚ ਚਿੰਤਾ ਪ੍ਰਗਟਾਉਂਦੇ ਹੋਏ ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਨਿਕਲੀ ਪ੍ਰਚਾਰ ਰੂਪੀ ਨਹਿਰ ਦਾ ਸਨਮਾਨ ਕਰਨ ਦੀ ਥਾਂ ਸਾਡੇ ਹੀ ਕੁੱਝ ਲੋਕਾਂ ਵੱਲੋਂ ਜਾਤ ਦੇ ਨਾਂ ’ਤੇ ਸਿੱਖਾਂ ਵਿਚ ਫੈਲਾਈ ਜਾ ਰਹੀ ਨਫ਼ਰਤ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਰੰਗਰੇਟਾ ਸਮਾਜ ਨੂੰ ਕਿਸੇ ਵੀ ਹਾਲਾਤ ’ਚ ਸਿੱਖ ਸਮਾਜ ਤੋਂ ਵੱਖ ਕਰਨ ਦੀਆਂ ਹੋ ਰਹੀਆਂ ਸਾਜ਼ਿਸ਼ਾਂ ਕੌਮ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਦੇ ਬਾਅਦ ਸਿੱਖਾਂ ਦੀ ਜਾਤ ਖਤਮ ਕਰ ਦਿੱਤੀ ਸੀ। ਪਰ ਕੁੱਝ ਪੇਂਡੂ ਖੇਤਰਾਂ ’ਚ ਕਈ ਥਾਂਵਾਂ ਤੇ ਜਾਤ ਦੇ ਫਰਕ ਕਰਕੇ ਹੋ ਰਹੇ ਧਾਰਮਿਕ ਵਿੱਤਕਰੇ ਦੀ ਪਰੰਪਰਾ ’ਤੇ ਹੁਣ ਚੁੱਪ ਰਹਿਣਾ ਕੌਮ ਦੇ ਭਵਿੱਖ ਲਈ ਖਤਰਨਾਕ ਹੈ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ, ਸੁਸਾਇਟੀ ਦੇ ਚੇਅਰਮੈਨ ਅਮਰੀਕ ਸਿੰਘ ਸ਼ੇਰਗਿੱਲ ਅਤੇ ਪੰਜਾਬੀ ਪ੍ਰੋਮੋਸ਼ਨ ਕਾਉਂਸਿਲ ਦੇ ਪ੍ਰਧਾਨ ਜਸਵੰਤ ਸਿੰਘ ਬਾੱਬੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply