ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਦੀ ਰਾਜਧਾਨੀ ਵਿਚ ਸਿੱਖ
ਨੌਜਵਾਨਾਂ ਉਪਰ ਹਮਲਾ ਕਰਕੇ ਇੱਕ ਨੂੰ ਜਾਨ ਤੋਂ ਹੀ ਮਾਰ ਮੁਕਾਉਣ ਅਤੇ ਦੂਜੇ ਨੂੰ ਗੰਭੀਰ ਜਖ਼ਮੀ ਕਰ ਦੇਣ ਨੂੰ ਦਿੱਲੀ ਅਤੇ ਕੇਂਦਰ ਦੀ ਸਰਕਾਰ ਲਈ ਬਹੁਤ ਸ਼ਰਮਨਾਕ ਦੱਸਿਆ ਹੈ।
ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਜਨਤਕ ਥਾਵਾਂ ਉਪਰ ਸਿਗਰਟ/ਬੀੜੀ ਜਾਂ ਤੰਬਾਕੂ ਪੀਣਾ ਮਨ੍ਹਾਂ ਹੈ ਪ੍ਰੰਤੂ ਸਰਕਾਰੀ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਟਿੱਚ ਜਾਣਦੇ ਹੋਇਆਂ ਇੱਕ ਸਿੱਖ ਨੂੰ ਮੌਤ ਦੇ ਘਾਟ ਉਤਾਰਨਾ ਸਿੱਖਾਂ ਲਈ ਅਸਹਿ ਹੈ।ਜਥੇਦਾਰ ਨੇ ਕਿਹਾ ਕਿ ਅਜਿਹੇ ਸ਼ਰਮਨਾਕ ਕਾਰਾ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਰੋਹਿਤ ਕ੍ਰਿਸ਼ਨਾ ਮੋਹੰਤਾ ਨਾਮ ਵਾਲੇ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ।ਜਿਸ ਨਾਲ ਲੋਕਾਂ ਦਾ ਕਾਨੂੰਨ ਵਿਚ ਵਿਸ਼ਵਾਸ਼ ਬਣਿਆ ਰਹੇ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ, ਜਿਸ ਨਾਲ ਸਿੱਖਾਂ ਦੇ ਮਨ੍ਹਾਂ ਨੂੰ ਭਾਰੀ ਠੇਸ ਪਹੁੰਚਦੀ ਹੈ।ਸਿੱਖਾਂ ਨੂੰ ਆਜ਼ਾਦ ਅਤੇ ਧਰਮ ਨਿਰਪੱਖ ਦੇਸ਼ ਵਿਚ ਦੋ ਨੰਬਰ ਦੇ ਸ਼ਹਿਰੀ ਸਮਝਣਾ ਸਿੱਖਾਂ ਨਾਲ ਵਿਤਕਰੇ ਵਾਲਾ ਸਲੂਕ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਉਨਾਂ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ 87% ਕੁਰਬਾਨੀਆਂ ਕੀਤੀਆਂ ਪ੍ਰੰਤੂ ਇਸ ਅਜ਼ਾਦੀ ਵਿਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਾਤਲ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਦੀਆਂ ਕਾਲ ਕੋਠੜੀਆਂ `ਚ ਪਹੁੰਚਾਵੇ ਅਤੇ ਸਿੱਖਾਂ ਦੇ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।
Check Also
ਵਿਧਾਇਕ ਡਾ. ਅਜੈ ਗੁਪਤਾ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪਸ਼ੂ ਹਸਪਤਾਲ ਅਤੇ ਗਊਸ਼ਾਲਾ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ …
Punjab Post Daily Online Newspaper & Print Media