ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਤਰਕਸ਼ੀਲ ਆਗੂ ਮਾਸਟਰ ਬਲਦੇਵ ਰਾਜ ਵੇਰਕਾ ਦੀ ਪ੍ਰਧਾਨਗੀ ਹੇਠ ਵੇਰਕਾ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮਾਜ ਵਿਚੋਂ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ, ਅਖੌਤੀ ਚਮਤਕਰਾਂ ਅਤੇ ਪਾਖੰਡਵਾਦ ਨੂੰ ਖਤਮ ਕਰਨ ਅਤੇ ਇਨਾਂ ਦੀ ਆੜ ਹੇਠ ਲੋਕਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਬੰਦ ਕਰਾਉਣ ਲਈ ਪੰਜਾਬ ਵਿਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕੀਤਾ ਜਾਵੇ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਚੌਂਕੀਆਂ ਲਾ ਕੇ ਪੁੱਛਾਂ ਦੇਣ ਵਾਲੇ ਪਾਖੰਡੀ ਤਾਂਤਰਿਕਾਂ, ਬਾਬਿਆਂ, ਕਥਿਤ ਸਿਆਣਿਆਂ ਅਤੇ ਝੂਠੀਆਂ ਭਵਿੱਖਬਾਣੀਆਂ ਤੇ ਗ੍ਰਹਿ ਚੱਕਰਾਂ ਵਿਚ ਫਸਾਉਣ ਵਾਲੇ ਜੋਤਸ਼ੀਆਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਉਨਾਂ ਦੀਆਂ ਹਰ ਤਰਾਂ ਦੀਆਂ ਸਮੱਸਿਆਵਾਂ ਦਾ ਸੌ ਫੀਸਦੀ ਹੱਲ ਕਰਨ ਦਾ ਝਾਂਸਾ ਦੇ ਕੇ ਉਨਾਂ ਦਾ ਸ਼ਰੇਆਮ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਕੀਤਾ ਜਾ ਰਿਹਾ ਹੈ, ਪਰ ਅਜਿਹੇ ਪਾਖੰਡੀਆਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਪਾਬੰਦੀ ਲਾਉਣ ਅਤੇ ਸਜ਼ਾਵਾਂ ਦੇਣ ਲਈ ਪੰਜਾਬ ਵਿਚ ਅਜੇ ਤਕ ਕੋਈ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਨਹੀਂ ਕੀਤਾ ਗਿਆ।ਉਨਾਂ ਦੋਸ਼ ਲਾਇਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਸਰਕਾਰ ਨੂੰ ਅੰਧ ਵਿਸ਼ਵਾਸ ਰੋਕੂ ਬਿੱਲ ਦਾ ਖਰੜਾ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਕੈਪਟਨ ਸਰਕਾਰ ਵਲੋਂਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਮਾਸਟਰ ਬਲਦੇਵ ਰਾਜ ਵੇਰਕਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿਚ ਧਰਮ ਦੀ ਆੜ ਹੇਠ ਡੇਰਾਵਾਦ, ਬਾਬਾਵਾਦ ਅਤੇ ਅੰਧਵਿਸ਼ਵਾਸ ਬੜੇ ਵੱਡੇ ਪੱਧਰ ਤੇ ਫੈਲਾਇਆ ਜਾ ਰਿਹਾ ਹੈ ਅਤੇ ਸਾਮਰਾਜੀ ਪੱਖੀ ਤੇ ਫਿਰਕੂ ਹਾਕਮ ਜਮਾਤਾਂ ਨੇ ਆਪਣੀ ਫਿਰਕੂ ਤੇ ਸਵਾਰਥੀ ਰਾਜਨੀਤੀ ਲਈ ਲੋਕਾਂ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵਿਚ ਫਸਾ ਕੇ ਡੇਰਿਆਂ ਅਤੇ ਪਾਖੰਡੀ ਬਾਬਿਆਂ ਦੇ ਪਿਛਲਗੂ ਬਣਾ ਦਿੱਤਾ ਹੈ, ਜਿਸ ਤੋਂ ਬਚਣ ਲਈ ਆਮ ਲੋਕਾਂ ਦਾ ਤਰਕਸ਼ੀਲ ਸੋਚ ਨਾਲ ਲੈਸ ਹੋਣਾ ਬੇਹਦ ਜ਼ਰੂਰੀ ਹੈ।
ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਟੀਵੀ ਚੈਨਲ ਅਤੇ ਪ੍ਰਿੰਟ ਮੀਡੀਆ ਖਿਲਾਫ ਡਰਗਜ ਤੇ ਮੈਜਿਕ ਰੈਮਡੀਜ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤਰਕਸ਼ੀਲ ਆਗੂਆਂ ਸੁਖਮੀਤ ਸਿੰਘ, ਧਰਵਿੰਦਰ ਕੋਹਾਲੀ, ਜਸਪਾਲ ਬਾਸਰਕਾ, ਵਰਿੰਦਰ ਕੌਰ, ਰਾਜ ਕੁਮਾਰ ਵੇਰਕਾ, ਹਰਜਿੰਦਰ ਬੱਲ, ਸ਼ਮਸ਼ੇਰ ਸਿੰਘ, ਕਰਨ ਰਾਜ ਸਿੰਘ, ਰਮੇਸ਼ ਕੁਮਾਰ, ਮਨਜੀਤ ਬਾਸਰਕੇ ਅਤੇ ਮਨਜੀਤ ਸਿੰਘ ਨੇ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media