ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹਰਸਿਮਰਤ ਕੌਰ ਬਾਦਲ ਨੇ ਭਰੀ ਹਾਜ਼ਰੀ
ਨਵੀ ਦਿੱਲੀ, 23, ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮਨਾਇਆ ਗਿਆ।ਰਾਗੀ ਸਿੰਘਾਂ ਨੇ ਕੀਰਤਨ ਅਤੇ ਪ੍ਰਚਾਰਕਾ ਨੇ ਕਥਾ ਰਾਹੀਂ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਸੰਗਤਾਂ ਨੂੰ ਬੇਨਤੀ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤਹਿਤ ਸੰਗਤਾਂ ਨੇ ਦਿਨ ’ਚ 11 ਵਜੇ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ।ਇਸ ਮੌਕੇ ਵੱਡੀ ਗਿਣਤੀ ’ਚ ਬੱਚਿਆਂ ਦੇ ਨਾਲ ਹੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਸੰਗਤ ਰੂਪੀ ਹਾਜ਼ਰੀ ਭਰ ਕੇ ਪਾਠ ਅਤੇ ਕੀਰਤਨ ਸਰਵਣ ਕੀਤਾ।
ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਕਲਗੀਧਰ ਪਿਤਾ ਨੇ ਆਪਣਾ ਸਰਬੰਸ਼ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੁਰਬਾਨ ਕਰ ਦਿੱਤਾ। ਆਪਣਾ ਪਰਿਵਾਰ ਸ਼ਹੀਦ ਕਰਾਉਣ ਦੇ ਬਾਵਜੂਦ ਦਸ਼ਮ ਪਾਤਿਸ਼ਾਹ ਨੇ ਖਾਲਸੇ ਨੂੰ ਆਪਣੇ ਜੀਵਿਤ ਪਰਿਵਾਰ ਵਜੋਂ ਦੱਸਿਆ।ਸ੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸ ਅਗਲੀ ਪੀੜ੍ਹੀ ਤਕ ਪਹੁੰਚਾਉਣ ਲਈ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਸਲਾਘਾਯੋਗ ਹੈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 11 ਤੋਂ 11.30 ਵਜੇ ਵਿੱਚਕਾਰ ਹੋਈ ਮੰਨੀ ਜਾਂਦੀ ਹੈ ਇਸ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਨੇੜ੍ਹਲੇ ਗੁਰਦੁਆਰਾ ਸਾਹਿਬਾਨਾਂ ਵਿਖੇ ਜਾ ਕੇ ਸ਼ਾਹਿਬਜ਼ਾਦਿਆਂ ਨਮਿੱਤ ਨਾਮ ਜਪੁ ਕੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕਰਨੀ ਚਾਹੀਦੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ਼ਹੀਦੀਆਂ ਦੇ ਇਤਿਹਾਸ ਨੂੰ ਘਰ-ਘਰ ਤਕ ਪਹੁੰਚਾਉਣ ਲਈ ਵੱਡੇ ਉਪਰਾਲੇ ਕਮੇਟੀਆਂ ਵੱਲੋਂ ਕਰਨ ਦੀ ਵਕਾਲਤ ਕੀਤੀ। ਜੀ.ਕੇ ਨੇ ਕਿਹਾ ਕਿ ਛੋਟੀ ਉਮਰ ’ਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਸਿੱਖੀ ਪ੍ਰਤੀ ਪ੍ਰੇਮ ਅਤੇ ਜਜ਼ਬੇ ਨੂੰ ਪੈਦਾ ਕੀਤਾ ਜਾ ਸਕਦਾ ਹੈ।ਜੀ.ਕੇ ਨੇ ਆਪਣੇ ਬੱਚਪਨ ਦੌਰਾਨ ਫਤਹਿਗੜ੍ਹ ਸਾਹਿਬ ਜਾਣ ਦੀ ਯਾਤਰਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦ੍ਰਿਸ਼ ਉਥੇ ਪੁੱਜਦੇ ਹੀ ਅੱਖਾਂ ਸਾਹਮਣੇ ਪੈਦਾ ਹੋ ਜਾਂਦਾ ਹੈ।ਮਨ ਦੇ ਅੰਦਰ ਗੁਰੂ ਪ੍ਰਤੀ ਅੰਦਰੋ ਤਰੰਗ ਪੈਦਾ ਹੁੰਦੀਆਂ ਹਨ।ਇਸ ਲਈ ਸ਼ਹੀਦੀ ਸਥਾਨਾਂ ’ਤੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਇਤਿਹਾਸ ਨੂੰ ਪਿੰਡੇ ’ਤੇ ਹੰਡਾਉਣ ਵਰਗਾ ਹੈ।
ਚਮਕੌਰ ਦੀ ਜੰਗ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਕੱਚੀ ਗੜ੍ਹੀ ’ਚ ਲੜਨ ਵਾਲੇ ਸਿੱਖ ਪੱਕੇ ਨਿਕਲੇ ਜਿਸ ਕਰਕੇ ਸੁਨਹਿਰਾ ਸਿੱਖ ਇਤਿਹਾਸ ਸਿਰਜਿਆ ਗਿਆ। ਅਸੀਂ ਸਭ ਜਦੋਂ ਆਪਣੇ ਨੌਜਵਾਨ ਬੱਚਿਆਂ ਨੂੰ ਸਿੱਖਿਆ, ਵਪਾਰ ’ਚ ਉਚੇ ਮਿਆਰ ਨੂੰ ਛੂਹ ਕੇ ਉਹਨਾ ਦੇ ਸ਼ਗਨ ਕਰਨ ਦੀ ਅਰਦਾਸਾ ਕਰ ਰਹੇ ਹੁੰਦੇ ਹਾਂ, ਉਸ ਖਾਸ਼ ਮੌਕੇ ’ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨੂੰ ਕੌਮ ਲਈ ਕੁਰਬਾਨ ਕਰਕੇ ਅੱਖ ’ਚ ਮਾਯੂਸੀ ਲਿਆਉਣ ਦੀ ਥਾਂ ਜੈਕਾਰੇ ਛੱਡ ਕੇ ਆਪਣਾ ਮਰਦ ਅੰਗਮੜਾ ਵਾਲਾ ਰੂਪ ਪੇਸ਼ ਕੀਤਾ।
ਸਿਰਸਾ ਨੇ ਸ਼ਹੀਦੀ ਜੋੜ ਮੇਲ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ’ਤੇ ਰੋਕ ਲਈ ਜਥੇਦਾਰ ਸੀ੍ਰ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਆਸੀ ਕਾਨਫਰੰਸਾਂ ਰਾਹੀਂ ਹੋਣ ਵਾਲੀ ਸਿਆਸੀ ਦੂਸ਼ਣਬਾਜ਼ੀ ਨੂੰ ਰੋਕਣ ਅਤੇ ਸੱਚੇ ਇਤਿਹਾਸ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣ ਲਈ ਇਹ ਰੋਕ ਜਰੂਰੀ ਸੀ। ਸਾਹਿਬਜ਼ਾਦਿਆਂ ਦੇ ਨਾਂ ’ਤੇ ‘ਬਾਲ ਦਿਵਸ’ ਮਨਾਉਣ ਅਤੇ ਹੁੱਕਾ ਬਾਰ ’ਤੇ ਰੋਕ ਲਗਾਉਣ ਲਈ ਛੇੜੀ ਗਈ ਸਮਾਜਿਕ ਮੁਹਿੰਮ ਦੀ ਪ੍ਰੜੋਤਾ ਲਈ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰਸਾ ਦੀ ਕੀਤੀ ਗਈ ਹੌਸਲਾ ਅਫ਼ਜਾਈ ਲਈ ਸਿਰਸਾ ਨੇ ਜਥੇਦਾਰ ਦਾ ਧੰਨਵਾਦ ਵੀ ਕੀਤਾ।
ਸਿਰਸਾ ਨੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸ ਦੇਸ਼ ’ਚ ਘਰ-ਘਰ ਤਕ ਪਹੁੰਚਾਉਣ ਲਈ ਹਰ ਸੂਬੇ ’ਚ ਸੈਮੀਨਾਰ ਕਰਾਉਣ ਦਾ ਅਹਿਦ ਲੈਂਦੇ ਹੋਏ ਕਿਹਾ ਕਿ ਅਸੀਂ ਗਿਣਤੀ ’ਚ ਬੇਸ਼ਕ 2 ਫੀਸਦੀ ਹਾਂ ਪਰ ਸਾਡੀ ਕੌਮ ਦੀ ਕੁਰਬਾਨੀਆਂ ਨੂੰ 100 ਫੀਸਦੀ ਲੋਕਾਂ ਤਕ ਪਹੁੰਚਾਉਣ ਲਈ ਅਜਿਹੇ ਉਪਰਾਲੇ ਜਰੂਰੀ ਹਨ।ਇਸ ਮੌਕੇ ਆਏ ਬੱਚਿਆਂ ਨੂੰ ਬੀਬਾ ਬਾਦਲ ਵੱਲੋਂ ਤੋਹਫੇ ਵੀ ਦਿੱਤੇ ਗਏ।ਦਿੱਲੀ ਕਮੇਟੀ ਵੱਲੋਂ ਹਰ ਵਰੇ੍ਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਬੱਚਿਆਂ ਦੀ ਮੌਜੂਦਗੀ ’ਚ ਮਨਾਉਣ ਲਈ ਖਾਸ ਪ੍ਰਬੰਧ ਵੱਡੇੇ ਪੱਧਰ ’ਤੇ ਕਰਨ ਦਾ ਐਲਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕੀਤਾ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਬੀਬਾ ਬਾਦਲ ਨੂੰ ਗੁਰਦੁਆਰਾ ਕੰਪਲੈਕਸ਼ ਵਿਖੇ ਚੱਲ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਮੌਜੂਦ ਸਨ।
Punjab Post Daily Online Newspaper & Print Media