
ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ) – ਆਮ ਆਦਮੀ ਪਾਰਟੀ ਦੇ ਕਾਮੇਡੀਅਨ ਕਲਾਕਾਰ ਤੋਂ ਸਾਂਸਦ ਮੈਂਬਰ ਬਣੇ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ ਵਾਲੇ ਦੋਹਰੇ ਨੂੰ ਤਰੋੜ-ਮਰੋੜ ਕੇ ਇਕ ਫਿਰਕੇ ਦੇ ਭਾਈਚਾਰੇ ਨਾਲ ਜੋੜਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਗੈਰ ਜਿੰਮੇਦਾਰਨਾ ਦੱਸਿਆ ਹੈ।
ਇਥੋਂ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਅਤੇ ਅਖਬਾਰੀ ਮਾਧਿਅਮ ਰਾਹੀਂ ਧਿਆਨ ‘ਚ ਆਇਆ ਹੈ ਕਿ ਸਿੱਖਾਂ ਵੱਲੋਂ ਨਿਤ ਦੀ ਅਰਦਾਸ ਉਪਰੰਤ ਪੜ੍ਹੇ ਜਾਂਦੇ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ’ ਦੋਹਰੇ ਨੂੰ ਇੱਕ ਲੋਕ ਮਿਲਣੀ ਦੌਰਾਨ ਭਗਵੰਤ ਮਾਨ ਨੇ ਤੋੜ ਕੇ ਪੇਸ਼ ਕੀਤਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਵੱਜੀ ਹੈ। ਭਗਵੰਤ ਮਾਨ ਦੀ ਇਸ ਗੈਰ ਇਖਲਾਕੀ ਸ਼ਬਦਾਵਲੀ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਅੱਜ ਵੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਘੱਟ ਤੇ ਇੱਕ ਕਾਮੇਡੀ ਕਲਾਕਾਰ ਜਿਆਦਾ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਗੈਰ ਸੰਜੀਦਾ ਮਨੁੱਖ ਜੋ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਹੋਵੇ ਉਹ ਅਜਿਹੀ ਅਵੱਗਿਆ ਕਰੇ ਪੰਜਾਬ ਲਈ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਪੰਜਾਬ ਵਾਸੀ ਅਜਿਹੇ ਮਨੁੱਖ ਨੂੰ ਸੰਸਦ ‘ਚ ਭੇਜ ਕੇ ਤਰੱਕੀ ਦੀ ਕੀ ਆਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਸ ਤਰ੍ਹਾਂ ਕਰਕੇ ਵੱਡੀ ਗੁਸਤਾਖੀ ਕੀਤੀ ਹੈ, ਜਿਸ ਦੀ ਸਮੁੱਚੇ ਸਿੱਖ ਪੰਥ ਪਾਸੋਂ ਬਿਨ੍ਹਾਂ ਦੇਰੀ ਮੁਆਫੀ ਮੰਗਣੀ ਚਾਹੀਦੀ ਹੈ।
Punjab Post Daily Online Newspaper & Print Media