Thursday, April 16, 2026

ਨਵੀਂ ਤਕਨੀਕ ਨਾਲ ਸਾਫ ਹੋਣਗੇ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਦੇ ਨਾਲੇ – ਸਿੱਧੂ

ਕਿਹਾ ਬਦਬੂ ਮਾਰ ਰਹੇ ਨਾਲੇ ਬਣਨਗੇ ਸ਼ਹਿਰਾਂ ਦੀਆਂ ਸੈਰਗਾਹਾਂ

PPN2201201808 ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਚਾਰ ਵੱਡੇ ਸ਼ਹਿਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਬਰਸਾਤੀ ਨਾਲੇ, ਜੋ ਕਿ ਸੀਵਰੇਜ ਅਤੇ ਸਨਅਤਾਂ ਦਾ ਵਾਧੂ ਪਾਣੀ ਪੈਣ ਕਾਰਨ ਜਾਮ ਹੋਏ ਪਏ ਹਨ, ਨੂੰ ਛੇਤੀ ਹੀ ‘ਨੀਰੀ’ ਦੀ ਸਹਾਇਤਾ ਨਾਲ ਸਾਫ-ਸੁਥਰੇ ਅਤੇ ਵਾਤਾਵਰਣ ਪੱਖੀ ਬਣਾਇਆ ਜਾਵੇਗਾ।ਇਹ ਪ੍ਰਗਟਾਵਾ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਇਸ ਕੰਮ ਲਈ ਬੁਲਾਈ ਗਈ ਵਿਚਾਰ-ਚਰਚਾ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ।ਉਨਾਂ ਕਿਹਾ ਕਿ ਪੰਜਾਬ ਵਿਚ ਅੱਜ ਦੀ ਕੀਮਤ ਦੇ ਹਿਸਾਬ ਨਾਲ 1300 ਕਰੋੜ ਰੁਪਏ ਦੇ 64 ਸੀਵਰੇਜ ਟਰੀਟਮੈਂਟ ਪਲਾਂਟ ਵੱਖ-ਵੱਖ ਥਾਵਾਂ ’ਤੇ ਲੱਗੇ ਸਨ, ਜੋ ਕਿ ਸਾਰੇ ਚਿੱਟੇ ਹਾਥੀ ਸਾਬਤ ਹੋ ਰਹੇ ਹਨ।
ਉਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਆਈ.ਆਈ.ਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਗਏ ਮਾਡਲ, ਜਿਸ ਨੂੰ ਨੀਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੀ ਸਹਾਇਤਾ ਨਾਲ ਬਰਸਾਤੀ ਨਾਲੇ ਸਾਫ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਗਹੁ ਨਾਲ ਵਾਚਣ ਤੋਂ ਬਾਅਦ ਪੰਜਾਬ ਦੇ ਨਾਲਿਆਂ ’ਤੇ ਲਾਗੂ ਕਰਨ ਦਾ ਮਨ ਬਣਾਇਆ ਗਿਆ ਹੈ।ਉਨਾਂ ਦੱਸਿਆ ਕਿ ਪਰਸੋਂ ਇਸ ਇਕਰਾਰ ਲਈ ਸਮਝੌਤੇ ਤੇ ਦਸਤਖਤ ਕੀਤੇ ਜਾਣਗੇ ਅਤੇ ਛੇਤੀ ਹੀ ‘ਨੀਰੀ’ ਇਹ ਕੰਮ ਸ਼ੁਰੂ ਕਰ ਦੇਵਗੀ, ਜੋ ਕਿ ਇਕ ਸਾਲ ਦੇ ਵਿਚ ਪੂਰਾ ਹੋਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਇਸ ਤਕਨੀਕ ਨਾਲ ਬਹੁਤ ਘੱਟ ਲਾਗਤ ਨਾਲ ਨਾਲੇ ਸਾਫ ਹੁੰਦੇ ਹਨ ਅਤੇ ਸਾਰਾ ਪ੍ਰਾਜੈਕਟ ਨਾਲੇ ਦੇ ਵਿਚ ਹੀ ਲੱਗਣ ਨਾਲ ਕੋਈ ਵਾਧੂ ਥਾਂ ਦੀ ਵੀ ਲੋੜ ਨਹੀਂ ਪੈਂਦੀ।ਨਾਲਿਆਂ ਵਿਚ ਫੁੱਲਦਾਰ ਅਤੇ ਸਜਾਵਟੀ ਪਲਾਂਟ ਲਗਾ ਕੇ ਵਾਤਾਵਰਣ ਨੂੰ ਵੀ ਸੋਹਣਾ ਬਣਾਇਆ ਜਾਂਦਾ ਹੈ।ਉਨਾਂ ਕਿਹਾ ਕਿ ਇਹ ਨਾਲੇ, ਜੋ ਅੱਜ ਬਦਬੂ ਮਾਰ ਰਹੇ ਹਨ, ਦੇ ਕਿਨਾਰੇ ਛੇਤੀ ਹੀ ਸੈਰਗਾਹ ਅਤੇ ਸਾਈਕਲ ਟਰੈਕ ਦੇ ਰੂਪ ਵਿਚ ਵਿਕਸਤ ਕੀਤੇ ਜਾਣਗੇ।ਸਿੱਧੂ ਨੇ ਦੱਸਿਆ ਕਿ ਇਸ ਤਕਨੀਕ ਨਾਲ ਪਾਣੀ ਦੀ ਸਫਾਈ ’ਤੇ ਨਾਮਾਤਰ ਖਰਚ ਆਉਂਦਾ ਹੈ ਅਤੇ ਪਾਣੀ ਪੂਰੀ ਤਰਾਂ ਖੇਤੀ ਅਤੇ ਸਨਅਤ ਦੀ ਵਰਤੋਂ ਦੇ ਯੋਗ ਬਣ ਜਾਂਦਾ ਹੈ। PPN2201201809
ਸਿੱਧੂ ਨੇ ਰਾਮਤੀਰਥ ਵਿਖੇ ਪਹੁੰਚ ਕੇ ਨਾਲੇ ਦੀ ਹਾਲਤ ਵੀ ਨੀਰੀ ਦੇ ਮੈਂਬਰਾਂ ਨੂੰ ਵਿਖਾਈ ਅਤੇ ਇਸ ’ਤੇ ਪਹਿਲ ਦੇ ਅਧਾਰ ’ਤੇ ਕੰਮ ਕਰਨ ਦੀ ਹਦਾਇਤ ਕੀਤੀ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਸੁਪਰ ਸੈਕਸ਼ਨ ਮਸ਼ੀਨਾਂ ਲਗਾ ਕੇ ਅਜੇ 35-40 ਫੀਸਦੀ ਜਾਮ ਹੋਏ ਸੀਵਰੇਜ ਖੁੱਲੇ ਹਨ ਅਤੇ ਬਰਸਾਤ ਤੋਂ ਪਹਿਲਾਂ-ਪਹਿਲਾਂ 50 ਫੀਸਦੀ ਸੀਵਰੇਜ ਖੋਲਣ ਦਾ ਅਨੁਮਾਨ ਹੈ।ਇਸ ਮੌਕੇ ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਨੀਰੀ ਦੇ ਪ੍ਰਬੰਧਕ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply