ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਲੜਕੇ ਅਤੇ ਲੜਕੀ ਦੇ ਭੇਦਭਾਵ ਤੋਂ ਉਪਰ ਉਠ ਕੇ ਸਮਾਨਤਾ ਦੇ ਉਦੇਸ਼ ਨਾਲ ਬਣਾਏੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਨਾਰੀ ਸਸ਼ਕਤੀਕਰਣ’ ਵਿਸ਼ੇ ਉਪਰ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਲੈਕਚਰ ’ਚ ਡਾ. ਬੀ.ਐਸ ਰਠੌਰ, ਐਸੋਸੀਏਟ ਪ੍ਰੋਫੈਸਰ ਮੋਦੀ ਯੂਨੀਵਰਸਿਟੀ ਰਾਜਸਥਾਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ’ਚ ਸਾਨੂੰ ਆਪਣੀ ਪਿਛਾਹ-ਖਿਚੂ ਸੋਚ ਨੂੰ ਬਦਲ ਕੇ ਸਮੇਂ ਦੇ ਹਾਣੀ ਬਣਨਾ ਪਵੇਗਾ।ਉਨ੍ਹਾਂ ਕਿਹਾ ਕਿਵਿਦਿਆਰਥਣਾਂ ਨੂੰ ਸਸ਼ਕਤੀਕਰਣ ਲਈ ਜੈਂਡਰ, ਸਰੀਰਿਕ ਜਾਂ ਆਰਥਿਕ ਹੀਣਤਾ ਨੂੰ ਤਿਆਗ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਇਕਾਗਰਤਾ ਨਾਲ ਜੁੱਟ ਜਾਣਾ ਚਾਹੀਦਾ ਹੈ ਕਿਉਂਕਿ ਬੁਲੰਦ ਇਰਾਦਿਆਂ ਅੱਗੇ ਕੋਈ ਮਜਬੂਰੀ ਠਹਿਰ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਲੜਕੇ ਦੇ ਪੜ੍ਹਨ ਨਾਲ ਸਿਰਫ ਇੱਕ ਵਿਅਕਤੀ ਪੜ੍ਹਦਾ ਹੈ ਪਰ ਲੜਕੀ ਦੇ ਸਿੱਖਆ ਪ੍ਰਾਪਤ ਕਰਨ ਨਾਲ ਪੂਰਾ ਪਰਿਵਾਰ ਪੜ੍ਹਿਆ-ਲਿਖਿਆ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ’ਚ ਜਦੋਂ ਇਸਤਰੀ ਦਾ ਬੋਲਬਾਲਾ ਸੀ ਉਦੋਂ ਭਾਰਤ ਸੋਨੇ ਦੀ ਚਿੜੀ ਅਖਵਾਉਂਦਾ ਸੀ ਪਰ ਜਿਉੁਂ-ਜਿਉਂ ਔਰਤ ਹਾਸ਼ੀਏ ’ਤੇ ਜਾਂਦੀ ਗਈ ਭਾਰਤ ਨੇ ਇਹ ਮੁਕਾਮ ਗੁਆ ਲਿਆ।
ਉਨ੍ਹਾਂ ਦੱਸਿਆ ਕਿ ਇਸਤਰੀ ਦੂਜਿਆਂ ਵੱਲ ਝਾਕਣ ਦੀ ਬਜਾਏ ਸਵੈਨਿਰਭਰ ਹੋ ਕੇ ਹੀ ਸਸ਼ਕਤ ਹੋ ਸਕਦੀ ਹੈ। ਸਮਾਜ ’ਚ ਬਰਾਬਰੀ ਦਾ ਮੁਕਾਮ ਹਾਸਲ ਕਰਨ ਲਈ ਔਰਤ ਨੂੰ ਮਰਦ ਨਾਲੋਂ ਵਧੇਰੇ ਗਿਆਨਵਾਨ ਹੋਣਾ ਪਵੇਗਾ।ਇਸ ਮੌਕੇ ਉਨ੍ਹਾਂ ਨੇ ਨਾਰੀ ਸਸ਼ਕਤੀਕਰਣ ਲਈ ਸਰਕਾਰੀ ਸਕੀਮਾਂ ਅਤੇ ਵਜੀਫ਼ਿਆਂ ਦੀ ਵਿਵਸਥਾ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆ ਪ੍ਰਿੰ: ਡਾ. ਮਹਿਲ ਸਿੰਘ ਨੇ ਜੈਂਡਰ ਚੈਂਪੀਅਨਜ਼ ਕਲੱਬ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਜੈਂਡਰ ਬਰਾਬਰੀ ਨੂੰ ਵਿਹਾਰ ’ਚ ਢਾਲਣ ਦੀ ਲੋੜ ਉਪਰ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਲੜਕੀਆਂ-ਲੜਕਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ, ਸਗੋਂ ਔਰਤਾਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਵਧੇਰੇ ਇਮਾਨਦਾਰ ਸਾਬਤ ਹੋਈਆਂ ਹਨ।
ਜੈਂਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਮੁੱਖ ਮਹਿਮਾਨ ਨਾਲ ਜਾਣ-ਪਣਾਣ ਕਰਵਾਉਂਦਿਆਂ ਕਿਹਾ ਕਿ ਸਮਾਜ ਨੂੰ ਇਸਤਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਸੋਚ ਨੂੰ ਬਦਲਣਾ ਪਵੇਗਾ। ਜੈਂਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਨਾਰੀ ਸਸ਼ਕਤੀਕਰਣ ਲਈ ਸਾਨੂੰ ਅਚੇਤ ਮਨ ’ਚ ਬੱਝੀਆਂ ਗੰੰਢਾਂ ਖੋਲ੍ਹਣੀਆਂ ਪੈਣਗੀਆਂ।ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪ੍ਰੋ. ਨਵਨੀਨ ਬਾਵਾ ਨੇ ਮੁੱਖ ਮਹਿਮਾਨ ਨੂੰ ਯਾਦਗਾਰ ਵਜੋਂ ਕਾਲਜ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਸਵਿਤਾ, ਪ੍ਰੋ. ਨਵਜੋਤ ਕੌਰ, ਪ੍ਰੋ. ਭੂਪਿੰਦਰ ਸਿੰਘ, ਪ੍ਰੋ. ਹੀਰਾ ਸਿੰਘ, ਪ੍ਰੋ. ਕਮਲਜੀਤ ਕੌਰ, ਜੈਡਰ ਚੈਂਪੀਅਨਜ਼ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ। ਸ਼ਰੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
Check Also
ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …
Punjab Post Daily Online Newspaper & Print Media