Friday, March 20, 2026

ਛੇਵੇਂ ਅੰਤਰਰਾਸ਼ਟਰੀ ਮੇਲੇ ‘ਵਿਬਗਿਓਰ-18’ ਦੇ ਆਖਰੀ ਦਿਨ ਪੁੱਜੇ ਇੱਕ ਲੱਖ ਤੋਂ ਵਧੇਰੇ ਦਰਸ਼ਕ

ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ- ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਆਯੋਜਿਤ ਟੈਕਨਾਲੋਜੀ, ਪ੍ਰਬੰਧਕੀ, ਸੱਭਿਆਚਾਰਕ, ਗਿਆਨ ਅਤੇ ਮਨੋਰੰਜਨ ਆਦਿ ਰੰਗਾਂ ਦੇ ਸੁਮੇਲ ਵਾਲਾ ਛੇਵਾਂ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-18’ ਦ ਪ੍ਰਿੰਸਟਾਨ ਰੀਵਿਊ ਅਤੇ ਵੀਵੋ ਦੇ ਸਹਿਯੋਗ ਸਦਕਾ ਬਾਬਾ ਫ਼ਰੀਦ ਕੈਂਪਸ ਵਿਖੇ ਅਜ ਅਮਿਟ ਯਾਦਾਂ ਛੱਡਦਾ ਪੂਰੇ ਜੋਬਨ `ਤੇ ਆ ਕੇ ਸਮਾਪਤ ਹੋ ਗਿਆ।ਅੱਜ ਇੱਕ ਲੱਖ ਤੋਂ ਵਧੇਰੇ ਦਰਸ਼ਕਾਂ ਨੇ ਇਸ ਮੇਲੇ ‘ਵਿਬਗਿਓਰ-18’ ਦਾ ਭਰਪੂਰ ਆਨੰਦ ਮਾਣਿਆ।ਮੇਲੇ ਦੇ ਦੂਜੇ ਦਿਨ ਅੱਜ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਅਜੀਤ ਇੰਦਰ ਸਿੰਘ ਮੋਫ਼ਰ ਸਾਬਕਾ ਐਮ.ਐਲ.ਏ ਸਰਦੂਲਗੜ੍ਹ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਨੇ ਸੰਸਥਾ ਦੇ ਸਮਾਜਿਕ ਕਾਰਜਾਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਦੇ ਆਪਣੇ-ਆਪਣੇ ਪਿੰਡਾਂ ਵਿੱਚ ਬਣਾਏ ਗਏ ਯੂਨਿਟਾਂ ਅਨੁਸਾਰ ਪੌਦੇ ਲਾਉਣ, ਖ਼ੂਨਦਾਨ ਕਰਨ, ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ ਲਗਾਉਣ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੀਤੇ ਕਾਰਜਾਂ ਲਈ ਕ੍ਰਮਵਾਰ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਯੂਨਿਟਾਂ ਨੂੰ 51000, 31000, 21000, 11000 ਅਤੇ 5100 ਰੁਪਏ ਦੇ ਨਗਦ ਇਨਾਮ ਵੰਡੇ ਅਤੇ ਸੰਸਥਾ ਦੇ ਉਹਨਾਂ ਬਹਾਦਰ ਵਿਦਿਆਰਥੀਆਂ ਨੂੰ ਬਹਾਦਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਨਹਿਰ ਵਿੱਚ ਡੁੱਬ ਰਹੀ ਇੱਕ ਔਰਤ ਅਤੇ ਬੱਚੀ ਨੂੰ ਆਪਣੀ ਜਾਨ `ਤੇ ਖੇਡ ਕੇ ਬਚਾਇਆ ਸੀ।
ਮੁੱਖ ਮਹਿਮਾਨ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕਾਲਜ ਵਿਚ ਹਰ ਰੰਗ ਦਾ ਆਨੰਦ ਮਾਨਣਾ ਚਾਹੀਦਾ ਹੈ ਅਤੇ ਹਰ ਐਕਟਵਿਟੀਜ਼ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਉਹਨਾਂ ਨੇ ਦੱਸਿਆ ਕਿ ਜਲਦੀ ਹੀ ਅਸੀਂ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਦੀ ਮੁਹਿੰਮ ਤਹਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਸ਼ਾਲ ਜੌਬ ਫੇਅਰ ਲਗਾ ਰਹੇ ਹਾਂ।ਉਹਨਾਂ ਨੇ ਕਿਹਾ ਕਿ ਬਾਬਾ ਫ਼ਰੀਦ ਸੰਸਥਾ ਨੂੰ ਛੇਤੀ ਹੀ ਯੂਨੀਵਰਸਿਟੀ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਸੰਸਥਾ ਹੁਣ ਵੀ ਕਈ ਨਾਮਵਰ ਯੂਨੀਵਰਸਿਟੀਆਂ ਨਾਲੋਂ ਅਗੇ ਹੈ।ਇਸ ਮੌਕੇ ਸਨਮਾਨਿਤ ਸਖਸ਼ੀਅਤਾਂ ਵਿੱਚ ਜਗਦੀਪ ਸਿੰਘ ਸਿੱਧੂ (ਓ.ਐਸ.ਡੀ ਟੂ ਮੁੱਖ ਮੰਤਰੀ ਪੰਜਾਬ), ਜੈ ਜੀਤ ਸਿੰਘ ਜੌਹਲ ਸੀਨੀ. ਕਾਂਗਰਸ ਲੀਡਰ, ਅਸ਼ੋਕ ਪਧਾਨ, ਜਨਰਲ ਸਕੱਤਰ ਪੰਜਾਬ ਕਾਂਗਰਸ, ਦਿਆਲ ਸਿੰਘ ਸੋਢੀ, ਭਾਜਪਾ ਆਗੂ, ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀ. ਬਠਿੰਡਾ, ਹਰਜੋਤ ਸਿੰਘ ਮੀਡੀਆ ਸਲਾਹਕਾਰ, ਵਿੱਤ ਮੰਤਰੀ ਪੰਜਾਬ ਅਤੇ ਪੰਜਾਬ ਨੈਸ਼ਨਲ ਬੈਂਕ ਦੇ  ਡੀ.ਜੀ.ਐਮ ਪੀ. ਕੇ ਸਿੰਗਲਾ ਹਾਜ਼ਰ ਸਨ।
ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਮੇਲੇ ਦੇ ਮੰਤਵ ਅਤੇ ਆਯੋਜਨ ਸੰਬੰਧੀ ਜਾਣਕਾਰੀ ਦਿੱਤੀ ।ਉਹਨਾਂ ਨੇ ਦੱਸਿਆ ਕਿ ਹੁਣ ਵਿਬਗਿਓਰ ਫੈਸਟ ਦੀ ਪ੍ਰਸਿੱਧੀ ਦੇਸ਼ ਵਿਦੇਸ਼ ਤੱਕ ਹੋ ਚੁੱਕੀ ਹੈ।ਉਹਨਾਂ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱੱੱੱੱੱੱਲ ਹੈ ਕਿ ਇਸ ਵਾਰ 22 ਦੇਸ਼ਾਂ ਤੋਂ 175 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਖ ਵੱਖ ਆਯੋਜਿਤ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਮੁੱਖ ਸਟੇਜ ਤੇ ਵਿਸ਼ੇਸ਼ ਪੇਸ਼ਕਾਰੀਆਂ ਪੇਸ਼ ਕੀਤੀਆਂ ਹਨ।ਉਹਨਾਂ ਨੇ ਇਸ ਮੇਲੇ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਪਾਸਰਾਂ ਦ ਪਿ੍ਰੰਸਟਨ ਰੀਵਿਊ, ਵੀਵੋ, ਡਾਇਮੰਡ ਰਿਕਾਰਡਜ਼, ਪੰਜਾਬ ਨੈਸ਼ਨਲ ਬੈਂਕ, ਪੈਪਸੀ, ਕੰਟਰੀ ਇਨ, ਬੌਨ, ਦ ਲੋਕਲ ਟਾਕ ਅਤੇ ਹੋਰ ਸਹਿਯੋਗੀਆਂ, ਪ੍ਰਦਰਸ਼ਨੀਆਂ ਅਤੇ ਸਟਾਲਾਂ ਲਗਾਉਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਹਨਾਂ ਮੁਕਾਬਲਿਆਂ ਦੇ ਜੇਤੂਆਂ ਲਈ ਕੁੱਲ 20 ਲੱਖ ਰੁਪਏ ਦੇ ਆਕਰਸ਼ਕ ਇਨਾਮ ਰੱਖੇ ਗਏ ਸਨ।ਮੁੱਖ ਪੰਡਾਲ ਵਿੱਚ ਲੱਗੀ ਭਾਰਤੀ ਫੌਜ ਦੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੇ ਲੰਬੀ ਦੂਰੀ ਤੇ ਮਾਰ ਕਰਨ ਵਾਲੀਆਂ ਰਾਇਫਲਾਂ, ਤੋਪਾਂ, ਮੋਰਟਾਰ, ਰਾਕਟ ਲਾਂਚਰ, ਰਾਡਾਰ ਸਿਸਟਮ ਅਤੇ ਰੂਸ ਦਾ ਬਣਿਆ ਟੈਂਕ ਜੋ ਪਾਣੀ ਵਿੱਚ ਵੀ ਤੈਰਦਾ ਹੈ, ਨੂੰ ਵੇਖਣ ਲਈ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਰਿਹਾ। ਮੁੱਖ ਪੰਡਾਲ ਵਿੱਚ ਗਲੋਬਲ ਵਿਲੇਜ ਤਹਿਤ ਵੱਖ ਵੱਖ ਦੇਸ਼ ਜਿਵੇਂ ਆਸਟ੍ਰੇਲੀਆ, ਕੋਰੀਆ, ਜਰਮਨੀ, ਰਸ਼ੀਆ, ਇਜਿਪਟ, ਚੀਨ, ਬ੍ਰਾਜ਼ੀਲ, ਕੀਨੀਆ, ਕੂਵੈਤ, ਥਾਈਲੈਂਡ, ਅਫਗਾਨੀਸਤਾਨ ਅਤੇ ਇੰਡੋਨੇਸ਼ੀਆ ਆਦਿ ਦੇ ਡੇਲੀਗੇਟ ਨੋਜਵਾਨ ਮੁੰਡੇ ਕੁੜੀਆਂ ਨੇ ਆਪਣੇ ਆਪਣੇ ਸੱਭਿਆਚਾਰ ਦੀ ਜਾਣਕਾਰੀ ਦਿੱਤੀ ਅਤੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ।‘ਦ ਪਿੰ੍ਰਸਟਨ ਰੀਵਿਊ’ ਦਾ ਰਜਿਸਟ੍ਰੇਸ਼ਨ ਕਾਉਂਟਰ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਜਿਥੇ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਜਾਣਕਾਰੀ ਲੈਂਦੇ ਦੇਖੇ ਗਏ।
ਮੇਲੇ ਦੀ ਮੁੱਖ ਸਟੇਜ `ਤੇ ਰਵਾਡਾਂ ਡਾਂਸ, ਹੌਜ਼ਾ ਡਾਂਸ, ਯਰੂਬਾ ਡਾਂਸ, ਇਗਬੋ  ਡਾਂਸ, ਤਨੂਰਾ ਡਾਂਸ, ਨਾਈਜੀਰੀਅਨ ਡਾਂਸ, ਅੰਤਰਰਾਸ਼ਟਰੀ ਫੈਸ਼ਨ ਸ਼ੋਅ ਪ੍ਰਮੁੱਖ ਸਨ।ਇਸ ਤੋਂ ਇਲਾਵਾ ਸੰਸਥਾ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਜਿਵੇਂ ਕਸ਼ਮੀਰੀ ਡਾਂਸ, ਵੈਸਟਰਨ ਡਾਂਸ, ਭੰਗੜਾ, ਫੋਕ ਆਰਕੈਸਟਰਾ ਆਦਿ ਨਾਲ ਸਭ ਨੂੰ ਕੀਲ ਲਿਆ।ਇਸ ਤੋਂ ਬਾਅਦ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਸੁਨੰਦਾ ਸ਼ਰਮਾਂ, ਅਮੀਰ ਖਾਨ, ਅਤੇ ਸ਼ਿਵਜੋਤ ਨੇ  ਆਪਣੀ ਨੇ ਆਪਣੀ ਗਾਇਕੀ ਦੇ ਰੰਗ ਬਿਖੇਰੇ ਅਤੇ ਇਸ ਮੇਲੇ ਦੀਆਂ ਰੌਣਕਾਂ ਨੂੰ ਵਧਾਇਆ।ਅੰਤ ਵਿੱਚ ਦੇਸ਼ ਦੀ ਮਸ਼ਹੂਰ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੇ ਤਾਂ ਮੇਲਾ ਹੀ ਲੁਟ ਲਿਆ ਜਦੋਂ ਉਸ ਦੇ ਆਪਣੇ ਹਰਮਨ ਪਿਆਰੇ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।ਅੰਤ ਵਿੱਚ ਇਹ ਮੇਲਾ ਆਪਣੇ ਪੂਰੇ ਜੋਬਨ `ਤੇ ਆ ਕੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ।

Check Also

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …

Leave a Reply