ਪਦਮ ਸ੍ਰੀ ਪਿਆਰੇ ਲਾਲ ਤੇ ਡਾ. ਕਰਤਾਰ ਸਿੰਘ ਸੂਰੀ ਨੂੰ ਦਿੱਤੀਆਂ ਸ਼ਰਧਾਂਜਲੀਆਂ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸੰਗਮ ਵੱਲੋਂ ਸਥਾਨਕ ਜਿਲ੍ਹਾ ਲਾਇਬ੍ਰੇਰੀ ਵਿੱਚ ਸ਼ੁਰੂ ਕੀਤਾ ‘ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਸਥਾਪਿਤ ਕਹਾਣੀਕਾਰ ਮੁਖਤਾਰ ਗਿੱਲ ਦੀ ਕਥਾ ਪੁਸਤਕ ‘ਦਿਨ ਢਲੇ` `ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬੀ ਰਸਾਲੇ ਮੇਘਲਾ ਦਾ ਨਵਾਂ ਅੰਕ ਵੀ ਰਲੀਜ਼ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ `ਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਪਦਮ ਸ੍ਰੀ ਪਿਆਰੇ ਲਾਲ ਅਤੇ ਡਾ. ਕਰਤਾਰ ਸਿੰਘ ਸੂਰੀ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ਼ਾਇਰ ਮਲਵਿੰਦਰ ਨੇ ਸਮਾਗਮ ਨੂੰ ਤਰਤੀਬ ਦਿੱਤੀ ਅਤੇ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਸੰਧੂ ਅਤੇ ਸਰਬਜੀਤ ਸਿੰਘ ਸੰਧੂ ਨੇ ਆਏ ਅਦੀਬਾਂ ਦਾ ਸਵਾਗਤ ਕੀਤਾ। ਚਰਚਾ ਅਧੀਨ ਪੁਸਤਕ ਤੇ ਮੈਡਮ ਵਿਪਨ ਗਿੱਲ ਵੱਲੋਂ ਪੜ੍ਹੇ ਖੋਜ਼ ਪੇਪਰ ਤੇ ਅਰਥ ਭਰਪੂਰ ਬਹਿਸ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਮੁਖਤਾਰ ਗਿੱਲ ਦੀਆਂ ਸਮੁੱਚੀਆਂ ਕਹਾਣੀਆਂ ਜੀਵਨ ਦੇ ਹੰਢਾਏ ਅਨੁਭਵ ਦੀ ਗਵਾਹੀ ਭਰਦੀਆਂ ਹਨ ਅਤੇ ਮਾਨਵੀ ਰਿਸ਼ਤਿਆਂ ਦੀ ਪਕੀਜ਼ਗੀ ਤੇ ਲੋੜਾਂ-ਥੁੜਾਂ ਤਲਾਸ਼ਦੇ ਲੋਕਾਂ ਦੀ ਵੇਦਨਾ-ਸੰਵੇਦਨਾ ਪ੍ਰਗਟ ਕਰਦੀਆਂ ਹਨ। ਡਾ. ਇਕਬਾਲ ਕੌਰ ਸੌਂਧ, ਡਾ. ਹੀਰਾ ਸਿੰਘ ਅਤੇ ਨਿਰਮਲ ਅਰਪਨ ਨੇ ਕਿਹਾ ਕਿ ਲੇਖਕ ਨਿਮਨ ਵਰਗ ਦੀਆਂ ਬਹੁਮੁੱਲੀਆਂ ਕਦਰਾਂ ਕੀਮਤਾਂ ਨੂੰ ਬਾਖੂਬੀ ਬਿਆਨਦਾ ਹੈ। ਹਰਭਜਨ ਖੇਮਕਰਨੀ, ਸ਼ੈਲਿੰਦਰਜੀਤ ਰਾਜਨ ਅਤੇ ਗੁਰਬਾਜ ਛੀਨਾ ਨੇ ਸਾਂਝੇ ਤੌਰ ਤੇ ਕਿਹਾ ਕਿ ‘ਦਿਨ ਢਲੇ` ਦੀਆਂ ਕਹਾਣੀਆਂ ਕਥਾ ਰਸ ਅਤੇ ਭਾਸ਼ਾਈ ਸਰੋਕਾਰ ਕਰਕੇ ਪਾਠਕਾਂ `ਚ ਗਹਿਰਾ ਪ੍ਰਭਾਵ ਸਿਰਜਦੀਆਂ ਹਨ।
ਰਚਨਾਵਾਂ ਦੇ ਚੱਲੇ ਦੌਰ `ਚ ਜਗਤਾਰ ਗਿੱਲ, ਡਾ. ਮੋਹਨ, ਜਤਿੰਦਰ ਔਲਖ, ਇੰਦਰੇਸ਼ ਮੀਤ, ਚੰਨ ਅਮਰੀਕ, ਸਤਿੰਦਰ ਓਠੀ, ਮਨਮੋਹਨ ਢਿੱਲੋਂ, ਕੁਲਦੀਪ ਦਰਾਜਕੇ, ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲਾ, ਕਲਿਆਣ ਅੰਮ੍ਰਿਤਸਰੀ, ਇੰਦਰ ਮਾਨ, ਗੁਰਪ੍ਰੀਤ, ਜਸਵੰਤ ਧਾਪ, ਡਾ. ਕਸ਼ਮੀਰ, ਸਤਵੰਤ ਕੌਰ ਅਤੇ ਸੁਰਿੰਦਰ ਕੌਰ ਆਦਿ ਨੇ ਹਾਜ਼ਰ ਸਰੋਤਿਆਂ ਦੇ ਸਨਮੁੱਖ ਨਜ਼ਮਾਂ ਪੇਸ਼ ਕੀਤੀਆਂ।
Punjab Post Daily Online Newspaper & Print Media