ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਏਗੀ ਦਿੱਲੀ ਸਰਕਾਰ
ਨਵੀਂ ਦਿੱਲੀ, 30 ਮਾਰਚ ਪੰਜਾਬ ਪੋਸਟ ਬਿਊਰੋ) – ਦਿੱਲੀ ਸਰਕਾਰ ਸੁਲਤਾਨ-ਉਲ-ਕੌਮ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਂਦੇ ਹੋਏ ਦਿੱਲੀ ਫਤਹਿ ਦਿਹਾੜੇ ਦੇ ਇਤਿਹਾਸ ਨੂੰ ਦਿੱਲੀ ਦੇ ਸਕੂਲੀ ਸਿੱਖਿਆ ਪਾਠਕਰਮ ਦਾ ਹਿੱਸਾ ਬਣਾਏਗੀ।ਇਸ ਗੱਲ ਦਾ ਭਰੋਸਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਮੁਲਾਕਾਤ ਦੌਰਾਨ ਦਿੱਤਾ।
ਇਸ ਤੋਂ ਪਹਿਲਾ ਸਿਰਸਾ ਨੇ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਖਾਲੀ ਪਈਆਂ ਪੰਜਾਬੀ ਟੀਚਰਾਂ ਦੀ ਅਸਾਮੀਆਂ ਨੂੰ ਤੁਰੰਤ ਭਰਨ, ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਘੱਟ ਕੀਤੇ ਗਏ ਬਜਟ ਨੂੰ ਵਧਾਉਣ, ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੀ ਸ਼੍ਰੇਣੀ ’ਚ ਸ਼ਾਮਿਲ ਕਰਨ, ਦਿੱਲੀ ਸਰਕਾਰ ਦੇ ਮੰਤਰੀਆਂ ਨਾਲ 1 ਪੰਜਾਬੀ ਸਟੈਨੋ ਦੀ ਲਾਜ਼ਮੀ ਨਿਯੁਕਤੀ ਕਰਨ, ਸਿੱਖ ਜਰਨੈਲਾਂ ਵੱਲੋਂ 1783 ’ਚ ਕੀਤੀ ਗਈ ਦਿੱਲੀ ਫਤਹਿ ਦਿਵਸ ਦਾ ਇਤਿਹਾਸ ਸਕੂਲੀ ਪਾਠਕਰਮ ਦਾ ਹਿੱਸਾ ਬਣਾਉਣ ਸਣੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਮੌਕੇ ਸੂਬਾ ਪੱਧਰੀ ਪ੍ਰੋਗਰਾਮ ਦਿੱਲੀ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਸੰਬੰਧੀ ਮੰਗ ਪੱਤਰ ਭੇਜੇ ਸਨ।
ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਰਸਾ ਨੇ ਦੱਸਿਆ ਕਿ ਉਸਾਰੂ ਮਾਹੌਲ ’ਚ ਹੋਈ ਚਰਚਾ ਦੌਰਾਨ ਉਪ ਮੁੱਖ ਮੰਤਰੀ ਨੇ ਸਾਰੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ।ਦਿੱਲੀ ਫਤਹਿ ਦਿਵਸ ਦਾ ਇਤਿਹਾਸ ਸਕੂਲੀ ਕਿਤਾਬਾਂ ’ਚ ਪੜਾਏ ਜਾਣ ਵਾਸਤੇ ਇਤਿਹਾਸਕਾਰਾਂ ਦੀ ਕਮੇਟੀ ਬਣਾਉਣ ਦੇ ਨਾਲ ਹੀ ਉਪ ਮੁਖਮੰਤਰੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਅਪ੍ਰੈਲ ਮਹੀਨੇ ਦੇ ਆਖਿਰੀ ਹਫ਼ਤੇ ’ਚ ਸੂਬਾ ਪੱਧਰੀ ਸਮਾਗਮ ਵੱਜੋਂ ਮਨਾਉਣ ਦੀ ਗੱਲ ਕਹੀ ਹੈ।ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਉਪ ਮੁਖਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੀਸ਼ ਹਜ਼ਾਰੀ, ਮੋਰੀ ਗੇਟ, ਪੁਲ ਮਿਠਾਈ ਆਦਿਕ ਸਥਾਨਾਂ ਦਾ ਨਾਂ ਕਿਵੇਂ ਦਿੱਲੀ ਫਤਹਿ ਦਿਹਾੜੇ ਨਾਲ ਜੁੜਿਆ ਹੈ ਇਸ ਬਾਰੇ ਸਕੂਲੀ ਕਿਤਾਬਾਂ ’ਚ ਜਰੂਰੀ ਦੱਸਿਆ ਜਾਵੇ ਤਾਂਕਿ ਦਿੱਲੀ ਦੇ ਇਹਨਾਂ ਇਤਿਹਾਸਿਕ ਸਥਾਨਾਂ ਦੇ ਨਾਮਕਰਨ ਦਾ ਸੱਚ ਬੱਚਿਆ ਤਕ ਪੁੱਜ ਸਕੇ।
ਸਿਰਸਾ ਨੇ ਦੱਸਿਆ ਕਿ ਦਿੱਲੀ ’ਚ ਪੰਜਾਬੀ ਭਾਸ਼ਾ ਨੂੰ ਬੇਸ਼ੱਕ ਦੂਜੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਪਰ ਸਰਕਾਰਾਂ ਦੀ ਅਣਗਹਿਲੀ ਕਰਕੇ ਪੰਜਾਬੀ ’ਚ ਸਰਕਾਰੀ ਵਿਭਾਗਾ ਨਾਲ ਕੀਤੇ ਜਾਣ ਵਾਲੇ ਪੱਤਰ ਵਿਵਹਾਰ ਦਾ ਜਵਾਬ ਨਹੀਂ ਮਿਲਦਾ ਹੈ।ਇਸ ਪਾਸੇ ਵੀ ਜਦੋਂ ਉਪ ਮੁੱਖ ਮੰਤਰੀ ਦਾ ਉਨ੍ਹਾਂ ਨੇ ਧਿਆਨ ਦਿਵਾਇਆ ਤਾਂ ਹਰ ਮੰਤਰੀ ਦੇ ਨਾਲ ਪੰਜਾਬੀ ਭਾਸ਼ਾ ਦਾ ਸਟੈਨੋ ਤੁਰੰਤ ਲਗਾਉਣ ਦਾ ਉਪ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ।ਇਸ ਦੇ ਨਾਲ ਹੀ ਖਾਲੀ ਪਈਆਂ ਪੰਜਾਬੀ ਟੀਚਰਾਂ ਦੀ ਅਸਾਮੀਆਂ ਨੂੰ ਭਰਨ ਵਾਸਤੇ ਯੋਗ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਸਿਰਸਾ ਨੇ ਕਿਹਾ ਕਿ ਦਿੱਲੀ ਸ਼ਹਿਰ ’ਤੇ ਮੁਗਲਾਂ, ਸਿੱਖਾਂ ਅਤੇ ਅੰਗਰੇਜ਼ਾ ਦਾ ਰਾਜ ਰਿਹਾ ਹੈ, ਪਰ ਸਾਡੇ ਇਤਿਹਾਸ ਦੀਆਂ ਕਿਤਾਬਾਂ ਮੁਗਲਾਂ ਦੇ ਰਾਜ ਤੋਂ ਬਾਅਦ ਅੰਗਰੇਜ਼ਾ ਦੇ ਰਾਜ ਦਾ ਹਵਾਲਾ ਦੇ ਕੇ ਚੁੱਪ ਹੋ ਜਾਂਦੀਆਂ ਹਨ। ਜਦਕਿ ਦਿੱਲੀ ’ਚ ਸਥਾਪਿਤ ਹੋਇਆ ਸਿੱਖ ਰਾਜ ਮੁਗਲ ਹਕੂਮਤ ਦੀ ਜੜਾਂ ਨੂੰ ਪੁੱਟਣ ਦਾ ਪ੍ਰਤੀਕ ਹੋਣ ਦੇ ਨਾਲ ਹੀ ਦੇਸ਼ ਦੀ ਵਿਦੇਸ਼ੀ ਹਮਲਾਵਰਾਂ ਤੋਂ ਆਜ਼ਾਦੀ ਦੀ ਗਵਾਹੀ ਭਰਦਾ ਸੀ।ਪਰ ਇਤਿਹਾਸਕਾਰਾਂ ਨੇ ਇੰਨੀ ਵੱਡੀ ਘਟਨਾਂ ਨੂੰ ਅੱਖੋਂ-ਪਰੋਖੇ ਕਰਕੇ ਸਿੱਖਾਂ ਨੂੰ ਸੂਖਮ ਘੱਟਗਿਣਤੀ ਕੌਮ ਹੋਣ ਦਾ ਅਹਿਸਾਸ ਕਰਾਇਆ ਹੈ।ਹਾਲਾਂਕਿ ਦਿੱਲੀ ਕਮੇਟੀ ਲਗਾਤਾਰ ਸਿੱਖ ਇਤਿਹਾਸ ਦੀਆਂ ਗੁਆਚੀਆਂ ਹੋਈਆਂ ਕੜ੍ਹੀਆਂ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਦੇ ਉਪਰਾਲੇ ਕਰਦੀ ਰਹੀ ਹੈ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …