ਲੌਂਗੋਵਾਲ ਨੇ ਬਿਲਾਸਪੁਰ ਵਿਖੇ ਗੁਰਮਤਿ ਸਮਾਗਮ ’ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਿਲਾਸਪੁਰ (ਛੱਤੀਸਗੜ੍ਹ) ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਆਲਬੰਦ ’ਚ ਕਰਵਾਏ ਗਏ ਇਕ ਗੁਰਮਤਿ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੱਤੀਸਗੜ੍ਹ ਸੂਬੇ ਅੰਦਰ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ ਅਤੇ ਇਥੇ ਸਥਿਤ ਸਿੱਖ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਛੱਤੀਸਗੜ੍ਹ ਦੇ ਸਿੱਖ ਆਗੂਆਂ ਅਤੇ ਸੰਗਤਾਂ ਵੱਲੋਂ ਕੀਤੇ ਜਾਂਦੇ ਧਰਮ ਪ੍ਰਚਾਰ ਕਾਰਜਾਂ ਦੀ ਪ੍ਰਸ਼ੰਸਾ ਵੀ ਕੀਤੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਅਤੇ ਦਰਸ਼ਨ ਸਿੰਘ ਨਿੱਜੀ ਸਹਾਇਕ ਛੱਤੀਸਗੜ੍ਹ ਦੀਆਂ ਸੰਗਤਾਂ ਵੱਲੋਂ ਰੱਖੇ ਗਏ ਵੱਖ-ਵੱਖ ਸਮਾਗਮਾਂ ਲਈ ਦੋ ਦਿਨਾਂ ਦੌਰੇ ’ਤੇ ਗਏ ਹਨ।ਬਲਵਿੰਦਰ ਸਿੰਘ ਜੌੜਾਸਿੰਘਾ ਨੇ ਛੱਤੀਸਗੜ੍ਹ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਛੱਤੀਸਗੜ੍ਹ ਪਹੁੰਚਣ ’ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ।ਸਥਾਨਕ ਸਿੱਖ ਆਗੂਆਂ ਵੱਲੋਂ ਵੱਖ-ਵੱਖ ਗੁਰੂ ਘਰਾਂ ਵਿਚ ਆਯੋਜਿਤ ਕੀਤੇ ਗਏ ਸਮਾਗਮਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਿੱਸਾ ਲਿਆ ਅਤੇ ਸੰਗਤਾਂ ਦੀ ਮੰਗ ’ਤੇ ਗੁਰਬਾਣੀ ਕੀਰਤਨ ਦੀ ਸਿਖਲਾਈ ਲਈ ਹਰਮੋਨੀਅਮ-ਤਬਲਾ ਆਦਿ ਸਾਜ਼ ਦੇਣ ਅਤੇ ਸਿੱਖ ਨੌਜੁਆਨਾਂ ਨੂੰ ਗਤਕਾ ਸਿਖਲਾਈ ਲਈ ਗਤਕਾ ਕਿੱਟਾਂ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਸੂਬੇ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਗਿਣਤੀ ਵਿਚ ਭੇਟਾ ਰਹਿਤ ਲਿਟਰੇਚਰ ਭੇਜਿਆ ਜਾਵੇਗਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਆਲਬੰਦ ਵਿਖੇ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ।ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਨਾਲ ਗਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਛੱਤੀਸਗੜ੍ਹ ਸਿੱਖ ਮਿਸ਼ਨ ਦੇ ਮੁਖੀ ਗੁਰਮੀਤ ਸਿੰਘ, ਅਮਰਜੀਤ ਸਿੰਘ ਦੂਆ, ਪ੍ਰੀਤਮ ਸਿੰਘ ਸਲੂਜਾ, ਵਿਕਰਮ ਸਿੰਘ, ਚਰਾਜੀਤ ਸਿੰਘ ਖਨੂਜਾ, ਸੁਰਿੰਦਰ ਸਿੰਘ ਛਾਬੜਾ, ਪ੍ਰੀਤਪਾਲ ਸਿੰਘ ਗੰਭੀਰ, ਨਰਿੰਦਰ ਸਿੰਘ ਹੋਰਾ, ਨਵਦੀਪ ਸਿੰਘ ਅਰੋੜਾ, ਗਗਨਦੀਪ ਸਿੰਘ ਛਾਬੜਾ, ਤਵਿੰਦਰਪਾਲ ਸਿੰਘ ਅਰੋੜਾ, ਜੋਗਿੰਦਰ ਸਿੰਘ ਗੰਭੀਰ ਆਦਿ ਮੌਜੂਦ ਸਨ।
Punjab Post Daily Online Newspaper & Print Media