ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿਚ ਵਾਰ ਮੈਮੋਰੀਅਲ ਵਿਖੇ ਹੋਇਆ ਵਿਲੱਖਣ ਪ੍ਰੋਗਰਾਮ
ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਰਾਗੜ੍ਹੀ ਦੀ ਲੜਾਈ, ਜੋ ਕਿ ਵਿਸ਼ਵ ਦੀਆਂ 5 ਵਿਲੱਖਣ ਜੰਗਾਂ ਵਿਚ ਸ਼ਾਮਿਲ ਹੈ, ਵਿਚ ਸ਼ਾਮਿਲ 21 ਸਿੱਖ
ਫੌਜੀਆਂ ਦੀ ਬਹਾਦਰੀ ਦੀ ਯਾਦ ਵਿਚ ਬੀਤੀ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਸਦਕਾ ਪੰਜਾਬ ਸਟੇਟ ਵਾਰ ਹੀਰੋਜ਼ ਅਤੇ ਮੈਮੋਰੀਅਲ, ਅਟਾਰੀ ਰੋਡ ਵਿਖੇ ਸ਼ਾਨਦਾਰ ਨਾਟਕੀ ਰੂਪਾਂਤਰ, ਜੋ ਕਿ ਰੌਸ਼ਨੀ ਅਤੇ ਅਵਾਜ਼ ’ਤੇ ਅਧਾਰਿਤ ਸੀ, ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ।ਮੁੱਖ ਮੰਤਰੀ ਦੇ ਸੀਨੀਅਰ ਸਲਹਾਕਾਰ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬਿ੍ਰਗੇਡੀਅਰ ਜੇ.ਐਸ ਅਰੋੜਾ ਹਾਜ਼ਰ ਰਹੇ।
ਹਰਬਖਸ਼ ਸਿੰਘ ਲਾਟਾ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਨੂੰ ਲੋਕਾਂ ਨੇ ਰੱਜਵੀਂ ਦਾਦ ਦਿੱਤੀ। ਇਸ ਮੌਕੇ ਸੰਬੋਧਨ ਕਰਦੇ ਸ਼ੇਰਗਿਲ ਨੇ ਕਿਹਾ ਕਿ ਦੇਸ਼ ਤੇ ਕੌਮ ਲਈ ਜਾਨਾਂ ਵਾਰ ਗਏ ਫੌਜੀਆਂ ਦੀ ਬਹਾਦਰੀ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਅਜਿਹੇ ਸ਼ੋਅ ਸਾਰੇ ਪੰਜਾਬ ਵਿਚ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਹੁਣ ਅਗਲਾ ਪ੍ਰੋਗਰਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਸਾਰਾਗੜੀ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਅਰਥ ਹੈ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹ ਯਾਦ ਕਰਵਾਉਣਾ ਕਿ ਉਨਾਂ ਦੇ ਪੁਰਖੇ ਦੇਸ਼ ਤੇ ਕੌਮ ਵਾਸਤੇ ਜੋ ਕੁਰਬਾਨੀਆਂ ਕਰ ਗਏ ਹਨ, ਸਾਨੂੰ ਉਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ, ਐਸ.ਡੀ. ਐਮ ਵਿਕਾਸ ਹੀਰਾ, ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ, ਕਰਨਲ ਅਮਰਬੀਰ ਸਿੰਘ ਚਾਹਲ, ਮੇਜਰ ਸਿਧਾਰਥ, ਕਰਨਲ ਐਚ.ਪੀ ਸਿੰਘ, ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media