
ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਭੁੱਚੋਂ ਖੁਰਦ ਦੇ ਗੁਰਦੁਆਰਾ ਪਿੱਪਲਸਰ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਸਮਾਗਮ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਵਿਚੋਂ ਬੀਬੀਆਂ, ਮਰਦਾਂ ਨੇ ਆਪਣੀ ਹਾਜ਼ਰੀ ਭਰੀ ਇਸ ਇੱਕਠ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅੱਜ ਸਾਰੇ ਭਾਰਤ ਵਿਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹੋ ਜਿਹੇ ਤਿਉਹਾਰ ਮਨਾਉਣ ਦਾ ਤਾਂ ਹੀ ਫਾਇਦਾ ਹੋਵੇਗਾ ਜੇ ਭੈਣਾਂ ਆਪਣੇ ਵੀਰਾਂ ਨੂੰ ਨਸ਼ਿਆਂ ਤੋਂ ਵਰਜ ਕੇ ਵਧੀਆਂ ਜਿੰਦਗੀ ਜਿਉਣ ਵਾਸਤੇ ਕਹਿਣ। ਭਰਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਨਸ਼ੇ ਤਿਆਗ ਕੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਦੇ ਹੋਏ ਭੈਣਾਂ ਦੀਆਂ ਭਾਵਨਾਂ ਦੀ ਕਦਰ ਕਰਨ, ਨਸ਼ਿਆਂ ਵਿਚ ਫਸੇ ਹੋਏ ਲੋਕਾਂ ਦਾ ਆਰਥਿਕ ਤੌਰ ‘ਤੇ ਅਤੇ ਸਮਾਜਿਕ ਤੌਰ ‘ਤੇ ਜੀਵਨ ਗੜਬੜ੍ਹਾ ਜਾਂਦਾ ਹੈ। ਉਨ੍ਹਾਂ ਨੋਜਵਾਨਾਂ ਨੂੰ ਭਾਵ ਪੂਰਵਕ ਅਪੀਲ ਕੀਤੀ ਕਿ ਤੁਸੀ ਅਜਾਦ ਹੋ ਕੇ ਜਿਉਣੈ ਜਾਂ ਨਸ਼ਿਆਂ ਦੇ ਗੁਲਾਮ ਬਣ ਕੇ ,ਉਨ੍ਹਾਂ ਚਿੰਤਾ ਜਾਹਰ ਕੀਤੀ ਕਿ ਪੰਜਾਬ ‘ਚ ਵੱਡੀ ਗਿਣਤੀ ਵਿਚ ਲੋਕਾਂ ਦਾ ਨਸ਼ੇੜੀ ਹੋਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਬਠਿੰਡੇ ਵਿਚ ਚੱਲ ਰਹੀ ਫੌਜ਼ ਦੀ ਭਰਤੀ ਦੌਰਾਨ ਨੌਜਵਾਨਾਂ ਦੇ ਬੈਗਾਂ ‘ਚੋ ਨਸ਼ਿਆਂ ਦਾ ਫੜਿਆ ਜਾਣਾ ਇਸ ਗੱਲ ਦੀ ਤਸਦੀਕ ਕਰਦਾ ਹੈ। ਇਸ ਇੱਕਠ ਵਿਚ ਹਾਜ਼ਰ ਲੋਕਾਂ ਨੇ ਖਾਸ ਕਰਕੇ ਨੌਜਵਾਨ ਬੱਚਿਆਂ ਨੇ ਨਸ਼ਿਆਂ ਨੂੰ ਤਿਆਗ ਕੇ ਆਪਣੇ ਆਪਣੇ ਧਰਮ ਅਨੁਸਾਰ ਜਿੰਦਗੀ ਜਿਉਣ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਪ੍ਰਣ ਲਿਆ ਅਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਨਾਲ ਜੁੜ ਕੇ ਚੱਲਣ ਦਾ ਵਾਅਦਾ ਕੀਤਾ, ਵਿਸ਼ੇਸ਼ ਗੱਲ ਇਹ ਰਹੀ ਕਿ ਜਿਹੜੇ ਨੌਜਵਾਨ ਮਾੜਾ ਮੋਟਾ ਨਸ਼ਾ ਕਰਦੇ ਸਨ ਉਨ੍ਹਾਂ ਨੇ ਖੁੱਲਦਿਲੀ ਦੇ ਨਾਲ ਨਸ਼ਾ ਤਿਆਗਣ ਦੀ ਗੱਲ ਕਬੂਲੀ। ਸਿਵੀਆਂ ਵਲੋਂ ਨੋਜਵਾਨਾਂ ਨੂੰ ਸਿੱਖ ਇਤਿਹਾਸ ਦੇ ਗੋਰਭਮਈ ਵਿਰਸੇ ਤੋਂ ਜਾਣੂ ਕਰਵਾਇਆ ਅਤੇ ਨੋਜਵਾਨਾਂ ਨੂੰ ਵਧੀਆਂ ਸਾਹਿਤ ਪੜਣ ਦੀ ਪ੍ਰੇਰਣਾ ਦਿੱਤੀ ਤਾਂ ਕਿ ਮਨ ਨਸ਼ਿਆ ਵੱਲ ਪ੍ਰੇਰਤ ਨਾ ਹੋਵੇ । ਇਸ ਮੌਕੇ ਲਹਿਰ ਦੇ ਕਵੀਸਰੀ ਜਥੇ ਭਾਈ ਨਛੱਤਰ ਸਿੰਘ ਮਹਿਮਾ ਸਰਜਾ,ਜਗਤਾਰ ਸਿੰਘ ਬੀਬੀਵਾਲਾ ਨੇ ਨਸ਼ਿਆਂ ਦੇ ਖਿਲਾਫ਼ ਵਾਰਾਂ ਗਾ ਕੇ ਖੂਬ ਰੰਗ ਬੰਨਿਆਂ। ਇਸ ਸਮੇਂ ਲਹਿਰ ਦੇ ਸਰਗਰਮ ਵਰਕਰ ਕੁਲਵੰਤ ਸਿੰਘ ਦਿਉਣ ਅਤੇ ਅਜੀਤਪਾਲ ਸਿੰਘ ਭੁੱਚੋਂ ਮੈਂਬਰਾਂ ਜਿਲ੍ਹਾ ਕਮੇਟੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ, ਲਹਿਰ ਦੇ ਮੂਰਲੀਆਂ ਸਫ਼ਾ ਦੇ ਆਗੂ ਇਕਬਾਲ ਸਿੰਘ ਸੋਨੀ, ਸੁਖਦੇਵ ਸਿੰਘ ਸਾਬਕਾ ਪੰਚਾਇਤ ਅਫ਼ਸਰ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘ ਹਾਜ਼ਰ ਰਹੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਆਦਿ ਦਾ ਲੰਗਰ ਵਰਤਾਇਆ ਗਿਆ।
Punjab Post Daily Online Newspaper & Print Media