Saturday, March 14, 2026

ਜ਼ਿਲਾ ਪ੍ਰਸ਼ਾਸਨ ਵਲੋਂ ਚੱਢਾ ਸ਼ੂਗਰ ਮਿਲ ਸੀਲ, ਡੀ.ਸੀ ਨੇ ਦਿੱਤੇ ਨਿਆਂਇਕ ਜਾਂਚ ਦੇ ਹੁਕਮ

10 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੀ ਹਦਾਇਤ

PPN1805201801ਕੀੜੀ ਅਫ਼ਗਾਨਾ/ ਬਟਾਲਾ, 18 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿਲ ਦਾ ਜ਼ਹਿਰੀਲਾ ਸੀਰਾ ਜਾਣ ਤੋਂ ਬਾਅਦ ਦੂਸ਼ਿਤ ਹੋਏ ਪਾਣੀ ਨਾਲ ਵੱੱਡੀ ਤਦਾਤ ਵਿੱਚ ਮੱਛੀਆਂ ਮਰਨ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸੀਲ ਕਰ ਦਿੱਤਾ ਹੈ।ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਵਲੀਨ ਸਿੰਘ ਸਿੱਧੂ ਤੇ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਦੀ ਅਗਵਾਈ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵਲੋਂ ਗੰਨਾ ਮਿਲ ਨੂੰ ਸੀਲ ਕਰ ਕੇ ਬੰਦ ਕਰ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਮਿੱਲ ਨੂੰ ਨਾ ਚਲਾਉਣ ਦੀ ਹਦਾਇਤ ਵੀ ਜਾਰੀ ਕੀਤੀ ਹੈ।
          ਡਿਪਟੀ ਕਮਿਸ਼ਨਰ ਵਲੋਂ ਇਸ ਸਾਰੀ ਘਟਨਾ ਦੀ ਨਿਆਇਕ ਜਾਂਚ ਕਰਨ ਦੇ ਹੁਕਮ ਐਸ.ਡੀ.ਐਮ ਰੋਹਿਤ ਗੁਪਤਾ ਨੂੰ ਦਿੱਤੇ ਹਨ।ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਹੈ 10 ਦਿਨ ਦੇ ਅੰਦਰ ਜਾਂਚ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਮਿੱਲ ਪ੍ਰਬੰਧਨ ਜਾਂ ਹੋਰ ਕਿਸੇ ਦੀ ਅਣਗਿਹਲੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਕੀਤੀ ਜਾਵੇਗੀ।
ਡੀ.ਸੀ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ੍ਹ ਪੌਂਗ ਡੈਮ ਵਿਚੋਂ 11 ਹਜ਼ਾਰ ਕਿਊਸਿਕ ਵਾਧੂ ਪਾਣੀ ਬਿਆਸ ਦਰਿਆ ਅੰਦਰ ਛੱਡਿਆ ਗਿਆ ਸੀ ਤਾਂ ਜੋ ਪਾਣੀ ਵਿੱਚ ਜ਼ਹਿਰੀਲੇ ਅਸਰ ਨੂੰ ਘੱਟ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਅੱੱਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਿਆਸ ਦਰਿਆ ਦੇ ਪਾਣੀ ਦੇ ਨਮੂਨੇ ਲਏ ਗਏ ਹਨ, ਜੋ ਕਿ ਬਿਲਕੁੱਲ ਠੀਕ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਦਰਿਆ ਦਾ ਪਾਣੀ ਬਿਲਕੁੱਲ ਸਾਫ ਅਤੇ ਸੁਰੱਖਿਅਤ ਹੈ।ਉਨ੍ਹਾਂ ਦਸਿਆ ਕਿ ਮਿੱਲ ਦੇ ਸੀਰੇ ਦੇ ਰਿਸਾਅ ਨੂੰ ਕੱਲ੍ਹ ਦਾ ਹੀ ਰੋਕਿਆ ਜਾ ਚੁੱਕਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਮਿੱਲ ਦੇ ਘਟਨਾ ਸਥਾਨ ਦਾ ਜਾਇਜ਼ਾ ਲਿਆ।ਉਨ੍ਹਾਂ ਮਿੱਲ ਪ੍ਰਬੰਧਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਅਤੇ ਜਿਸ ਜਗ੍ਹਾ ਤੋਂ ਸੀਰੇ ਦਾ ਰਿਸਾਅ ਹੋਇਆ ਸੀ ਉਸ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਲਖਵਿੰਦਰ ਸਿੰਘ ਤਹਿਸੀਲਦਾਰ ਬਟਾਲਾ, ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਕੁਲਦੀਪ ਸਿੰਘ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਮਹਾਂਵੀਰ ਸਿੰਘ, ਆਰ.ਏ ਸਿੰਘ ਮੁੱਖ ਪ੍ਰਬੰਧਕ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ, ਮਨੀਸ਼ ਪਾਲ ਸਿੰਘ ਵਾਈਸ ਪ੍ਰਧਾਨ, ਗਰੇਵਾਲ ਸਿੰਘ ਵਾਈਸ ਪ੍ਰਧਾਨ ਵੀ ਹਾਜ਼ਰ ਸਨ।

 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply