ਭੀਖੀ, 25 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਾਣੀ ਦੀ ਅਮੁੱਲੀ ਦਾਤ ਨੂੰ ਸਥਾਨਕ ਸ਼ਹਿਰ ਅੰਦਰ ਪ੍ਰਾਈਵੇਟ ਇੰਡਸਟਰੀਆਂ ਵੱਲੋਂ ਦੂਸ਼ਿਤ ਕੀਤੇ ਜਾਣ ਦੇ ਰੋਸ
ਵਜੋਂ ਤਰਕਸ਼ੀਲ ਸੁਸਾਇਟੀ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਸ਼ਹਿਰ ਅੰਦਰ ਰੋਸ ਰੈਲੀ ਕੀਤੀ ਗਈ।ਇਸ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਫੌਜੀ ਤੇ ਰਾਜਿੰਦਰ ਜਾਫਰੀ ਨੇ ਕਿਹਾ ਕਿ ਪਿਛਲੇ ਦਿਨੀ ਬਿਆਸ ਦਰਿਆ ਦੇ ਪਾਣੀ ਵਿੱਚ ਚੱਢਾ ਖੰਡ ਮਿੱਲ ਦਾ ਦੂਸ਼ਿਤ ਪਾਣੀ ਮਿਲ ਜਾਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਕੁਦਰਤੀ ਜੀਵ ਜੰਤੂਆਂ ਦੀਆਂ ਜਿੰਦਗੀਆਂ ਨਸ਼ਟ ਹੋ ਗਈਆਂ ਹਨ।ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸਨਤਕਾਰਾਂ ਵੱਲੋਂ ਇਸੇ ਤਰ੍ਹਾਂ ਹੀ ਜ਼ਹਿਰੀਲਾ ਕੀਤਾ ਜਾਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੱਛੀਆਂ ਦੇ ਵਾਂਗ ਤੜਫ-ਤੜਫ ਮਨੁੱਖੀ ਜਿੰਦਗੀਆਂ ਵੀ ਪਾਣੀ ਦੇ ਦੂਸ਼ਿਤ ਹੋਣ ਕਾਰਨ ਖਤਮ ਹੋ ਜਾਣਗੀਆਂ। ਜਿੰਨਾ ਦਰਿਆਵਾਂ ਦੇ ਪਾਣੀ ਨੂੰ ਅੰਮ੍ਰਿਤ ਮੰਨਿਆ ਜਾਦਾ ਸੀ, ਅੱਜ ਉਹ ਜ਼ਹਿਰ ਬਣਦਾ ਜਾ ਰਿਹਾ ਹੈ।ਸਤਲੁਜ ਦਰਿਆ ਦੇ ਨੇੜੇ ਤੇੜੇ ਦੇ ਜਿੰਨੇ ਵੀ ਸ਼ਹਿਰ ਹਨ ਉਹਨਾਂ ਸਾਰੇ ਸ਼ਹਿਰਾਂ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਮਿਲਾਇਆ ਜਾ ਰਿਹਾ ਹੈ। ਜੋ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਦਿੱਤੀ ਗਈ ਢਿੱਲ ਦਾ ਨਤੀਜਾ ਹੈ।ਰੈਲੀ ਦੌਰਾਨ ਹਰ ਦਿਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ ਗਿਆ।ਜਿਸ `ਤੇ ਬੋਲਦਿਆਂ ਕਿਸਾਨ ਆਗੂ ਗੁਰਨਾਮ ਭੀਖੀ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣੀ ਹੋਈ ਹੈ।ਜਿਸ ਦੇ ਮੱਦੇਨਜ਼ਰ ਲੋਕ ਹਿੱਤਾਂ ਦਾ ਘਾਣ ਕਰਕੇ ਹਰ ਦਿਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ, ਜੋ ਕੁੱਝ ਕੁ ਭਾਰਤ ਦੇ ਵੱਡੇ ਘਰਾਣਿਆਂ ਨੂੰ ਮੁਨਾਫਾ ਦੇਣ ਦੀ ਗਵਾਹੀ ਭਰਦਾ ਹੈ।ਜੇਕਰ ਸਰਕਾਰ ਦੇ ਤੇਲ ਕੀਮਤਾਂ ਦੇ ਜ਼ਰੀਏ ਲੋਕਾਂ ਦੀ ਅੰਨ੍ਹੀ ਲੁੱਟ ਕਰਨੀ ਬੰਦ ਨਾ ਕੀਤਾ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਹੜਤਾਲ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਭਰਪੂਰ ਸਿੰਘ ਮੰਨਣ, ਜਸਪਾਲ ਅਤਲਾ, ਹਰਮੇਸ਼ ਭੋਲਾ ਮੱਤੀ, ਭੋਲਾ ਸਿੰਘ ਸਮਾਉਂ, ਬੱਲਾ ਸਿੰਘ ਰੱਲਾ, ਰੋਹੀ ਖਾਂ, ਅਵਤਾਰ ਡਿਜ਼ੀਟਲ, ਦਰਸ਼ਨ ਟੇਲਰ, ਹਰਵਿੰਦਰ ਭੀਖੀ ਨੇ ਵੀ ਸੰਬੋਧਨ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media