
ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਪੀੜ੍ਹਤਾਂ ਵੱਲੋਂ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ, ਜਿਸ ਵਿੱਚ ਆਈ.ਐਸ.ਓ. ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਜਿਲ੍ਹਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਵੀ ਉਨ੍ਹਾਂ ਨਾਲ ਸਨ। ‘ਇਨਸਾਫ ਦੀ ਮਸ਼ਾਲ’ ਪ੍ਰੋਗਰਾਮ ਦੀ ਸ਼ੁਰੂਆਤ ਗ੍ਰੰਥੀ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਰਦਾਸ ਕਰਕੇ ਕੀਤੀ ਗਈ। ਅਰਦਾਸ ਵਿੱਚ ਫੈਡਰੇਸ਼ਨ, ਆਈ.ਐਸ.ਓ., ਸਿੱਖ ਕਤਲੇਆਮ ਪੀੜ੍ਹਤ ਨੌਜਵਾਨ ਅਤੇ ਹੋਰ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਇਸ ਕੌਮੀ ਲੜਾਈ ਨੂੰ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ। ਪੀਰ ਮੁਹੰਮਦ, ਜੌੜਾ, ਕੰਵਰਬੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ 1 ਅਕਤੂਬਰ ਤੋਂ ਇਹ ‘ਇਨਸਾਫ ਦੀ ਮਸ਼ਾਲ’ ਉਨ੍ਹਾਂ ਸਾਰੇ ਹੀ ਸੂਬਿਆਂ ਵਿੱਚ ਜਾਵੇਗੀ ਜਿੱਥੇ-ਜਿੱਥੇ ਵੀ ਸਿੱਖ ਕਤਲੇਆਮ ਹੋਇਆ ਹੈ ਅਤੇ 3 ਨਵੰਬਰ 2014 ਨੂੰ ਨਿਊਯਾਰਕ (ਅਮਰੀਕਾ) ਵਿਖੇ ਪਹੁੰਚੇਗੀ, ਜਿੱਥੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ (ਇਵਾਨ ਸੀਮੋਨੋਵਿਕ) ਨੂੰ ਵਫਦ ਵੱਲੋਂ ਸਿੱਖ ਕਤਲੇਆਮ ਦੀ ਰਿਪੋਰਟ ਸੌਂਪੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਿੱਖ ਕਤਲੇਆਮ ਪੀੜ੍ਹਤਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਬੜੇ ਹੈਰਾਨੀ ਦੀ ਗੱਲ ਹੈ ਕਿ 68 ਸਾਲ ਹੋਣ ਤੇ ਦੇਸ਼ ਦਾ ਸਵਤੰਤਰਤਾ ਦਿਵਸ ਤੇ ਮਨਾਇਆ ਜਾਂਦਾ ਹੈ, ਪਰ 30 ਵਰ੍ਹੇ ਹੋ ਚੁੱਕੇ ਹਨ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਭਾਰਤੀ ਕਾਨੂੰਨ ਪ੍ਰਣਾਲੀ ਨੂੰ ਕਮਜ਼ੋਰ ਸਿੱਧ ਕਰਦਾ ਹੈ। ਇਸ ਮੌਕੇ ਸ਼ਹਿਰੀ ਸੀਨੀ: ਮੀਤ ਪ੍ਰਧਾਨ ਗੁਰਮਨਜੀਤ ਸਿੰਘ ਅੰਮ੍ਰਿਤਸਰ, ਬਾਬਾ ਗੁਰਚਰਨ ਸਿੰਘ, ਪਰਮਜੀਤ ਸਿੰਘ ਚੋਗਾਵਾਂ, ਬਲਵਿੰਦਰ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਕੁਲਜੀਤ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ ਬਿੱਟੂ, ਜਸਵਿੰਦਰ ਸਿੰਘ, ਭੱਟੀ ਗੁਰਦਾਸਪੁਰ, ਵਿੱਕੀ, ਬਿਕਰਮ ਸਿੰਘ, ਕਰਨਦੀਪ ਸਿੰਘ, ਸਤਿੰਦਰਜੀਤ ਕੌਰ, ਭੁਪਿੰਦਰ ਸਿੰਘ, ਮਨਜੀਤ ਸਿੰਘ, ਸਤਿੰਦਰ ਸਿੰਘ, ਜਗਮੋਹਨ ਸਿੰਘ, ਗੁਰਿੰਦਰ ਸਿੰਘ ਤੇ ਹੋਰ ਅਨੇਕਾਂ ਨੌਜਵਾਨ ਅਤੇ ਸੰਗਤਾਂ ਬਹੁ ਗਿਣਤੀ ‘ਚ ਹਾਜ਼ਰ ਸਨ।
Punjab Post Daily Online Newspaper & Print Media