ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਦੀ ਉਘੀ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲਣ ਵਾਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਤੀਸਰੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮਹਾਂਦੰਢ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ। ‘ਮਹਾਂਦੰਢ’ ਨਾਟਕ ਔਰਤਾਂ ਦੀ ਹੋਣੀ ਨੂੰ ਪੇਸ਼ ਕਰਦਾ ਹੈ।ਇਹ ਨਾਟਕ ਮਿਥਿਹਾਸ ਦੀ ਇਕ ਕਥਾ ਉਤੇ ਅਧਾਰਿਤ ਹੈ।ਮਹਾਂਰਿਸ਼ੀ ਜਮਦਗਨੀ ਦੀ ਪਤਨੀ ਰੇਨੁਕਾ ਦੇ ਸੰਤਾਪ ਤੇ ਬਲੀਦਾਨ ਦੀ ਕਹਾਣੀ ਹੈ।ਮਹਾਨ ਪਰਸ਼ੂਰਾਮ ਵੱਲੋਂ ਰੇਨੁਕਾ ਦਾ ਸਿਰ ਵੱਢਣ ਦੀ ਕਹਾਣੀ ਹੈ। ਨਾਟਕ ਸ਼ੁਰੂ ਹੁੰਦਾ ਹੈ ਇਕ ਸਿਰਹੀਣੀ ਔਰਤ ਦੇ ਸੰਵਾਦ ਤੋਂ, ਜਿਸ ਨੂੰ ਅੱੱਜ ਦੇ ਸਮੇਂ ਦੀਆਂ ਔਰਤਾਂ ਮਿਲਦੀਆਂ ਨੇ ਤੇ ਫੇਰ ਉਹ ਬੀਤੇ ਸਮੇਂ ਵਿੱਚ ਜਾ ਕੇ ਰੇਨੁਕਾ ਦੀ ਭੂਮਿਕਾ ਨਿਭਾਅ ਕੇ, ਨਾਟਕ ਦੀ ਕਹਾਣੀ ਨੂੰ ਬਿਆਨ ਕਰਦੀਆਂ ਹਨ।ਔਰਤਾਂ ਸਵਾਲ ਪੈਦਾ ਕਰਦੀਆਂ ਨੇ ਕਿ ਔਰਤ ਦਾ ਸਿਰ ਤਾਂ ਹੋਲੀ ਹੋਲੀ ਹਮੇਸ਼ਾਂ ਹੀ ਵਢਿਆ ਜਾਂਦਾ ਹੈ, ਪਹਿਲਾਂ ਮਾਂ ਬਾਪ ਦੇ ਘਰ, ਫੇਰ ਪਤੀ ਦੇ ਘਰ ਔਰਤ ਨੂੰ ਸੋਚਣ ਹੀ ਨਹੀਂ ਦਿੱਤਾ ਜਾਂਦਾ, ਉਸਦੀਆਂ ਖਾਹਿਸ਼ਾ ਨੂੰ ਮਾਰਿਆ ਜਾਂਦਾ ਹੈ।ਉਸ ਨੂੰ ਤਸੀਹੇ ਦਿੱਤੇ ਜਾਂਦੇ ਨੇ, ਹਰ ਫੈਸਲਾ ਮਰਦ ਕਰਦਾ ਹੈ, ਔਰਤ ਨੂੰ ਹਰ ਕਦਮ ਕਦਮ ਤੇ ਮਰਦ ਕੋਲੋ ਪ੍ਰਵਾਨਗੀ ਲੈਣੀ ਪੈਂਦੀ ਹੈ। ਇਸ ਨਾਟਕ ਦਾ ਸੰਗੀਤ ਰਵੀ ਨੰਦਨ ਨੇ ਤਿਆਰ ਕੀਤਾ ਅਤੇ ਨਾਟਕ ਵਿੱਚ ਪ੍ਰਸਿੱਧ ਅਦਾਕਾਰਾ ਰਾਜਬੀਰ ਕੌਰ, ਡੋਲੀ ਸੱਡਲ, ਸੁਖਵਿੰਦਰ ਵਿਰਕ, ਲਵਲੀਨ ਕੌਰ, ਸੁਖਵਿੰਦਰ ਸਿੱਧੂ, ਜਤਿੰਦਰ ਸੋਨੂੰ, ਜਸਵੰਤ ਸਿੰਘ, ਸਾਰਥਕ ਹਾਂਡਾ, ਸੁਦੇਸ਼ ਵਿੰਕਲ, ਦਲਬੀਰ ਸਿੰਘ, ਪ੍ਰਮਿੰਦਰ ਸਿੰਘ ਨੇ ਆਪਣੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਉਤੇ ਗਹਿਰਾ ਪ੍ਰਭਾਵ ਛੱਡਿਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media