ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਕ ਪੱਤਰ ਲਿਖ ਕੇ ਹੋਂਦ ਚਿੱਲੜ ਸਿੱਖ ਕਤਲੇਆਮ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਲੌਂਗੋਵਾਲ ਨੇ ਪੱਤਰ ਰਾਹੀਂ ਕਿਹਾ ਕਿ 34 ਸਾਲ ਬੀਤਣ ਤੋਂ ਬਾਅਦ ਵੀ ਹੋਂਦ ਚਿੱਲੜ ਕੇਸ ਨੂੰ ਛਪਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਹਰਿਆਣਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਜਸਟਿਸ ਟੀ.ਪੀ ਗਰਗ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਮਾਰਚ 2011 ਵਿਚ ਇਸ ਕਾਂਡ ਦੀ ਜਾਂਚ ਲਈ ਗਠਿਤ ਕੀਤੇ ਉਕਤ ਕਮਿਸ਼ਨ ਨੇ ਚਾਰ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਲਿਆਂਦੇ ਸਨ, ਜਿਨ੍ਹਾਂ ਨੇ ਪੁਲਿਸ ਜਾਂਚ ਦੌਰਾਨ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਈ ਲੌਂਗੋਵਾਲ ਨੇ ਆਪਣੇ ਪੱਤਰ ਵਿਚ ਹਰਿਆਣੇ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਭਜਨ ਲਾਲ ਦੀ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆਂਦਾ। ਉਨ੍ਹਾਂ ਕਿਹਾ ਕਿ ਭਜਨ ਲਾਲ ਸਰਕਾਰ ਵੱਲੋਂ ਇਨ੍ਹਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੰਦਿਆਂ ਐਸ.ਪੀ. ਸਤਿੰਦਰ ਕੁਮਾਰ ਨੂੰ ਡੀ.ਜੀ.ਪੀ ਹੋਮ ਗਾਰਡ ਬਣਾਇਆ ਗਿਆ।ਇਸੇ ਤਰ੍ਹਾਂ ਡੀ.ਐਸ.ਪੀ ਰਾਮ ਭੱਜ ਨੂੰ ਐਸ.ਪੀ, ਐਸ.ਆਈ ਰਾਮ ਕਿਸ਼ੋਰ ਨੂੰ ਐਸ.ਪੀ ਅਤੇ ਆਈ.ਓ ਰਾਮ ਕੁਮਾਰ ਨੂੰ ਡੀ.ਐਸ.ਪੀ ਤੱਕ ਤਰੱਕੀ ਦੇ ਦਿੱਤੀ ਗਈ।ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਤਲ ਰੋਡਵੇਜ ਦੀਆਂ ਬੱਸਾਂ ਵਿਚ ਚੜ੍ਹ ਕੇ ਆਏ ਸਨ, ਜਿਸ ਤੋਂ ਇਸ ਕਤਲੇਆਮ ’ਚ ਸਮੇਂ ਦੀ ਸਰਕਾਰ ਦੀ ਸ਼ਮੂਲੀਅਤ ਜੱਗ ਜਾਹਰ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਦੀ ਸ਼ਹਿ ਨਾਲ ਬਚਦੇ ਆ ਰਹੇ ਪੁਲਿਸ ਅਧਿਕਾਰੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ।ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬੇਕਸੂਰ ਸਿੱਖਾਂ ਨੂੰ ਜਿਊਂਦੇ ਜੀਅ ਸਾੜਨ ਵਾਲੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਪਿਛਲੇ 34 ਸਾਲਾਂ ਤੋਂ ਪੀੜ ਪੀੜ ਹੋ ਰਹੇ ਸਿੱਖ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ।
Punjab Post Daily Online Newspaper & Print Media