ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਲਿਆਉਣ ਦੇ ਦਿੱਤੇ ਗਏ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਵਿਚ ਇਸ ਬਰਸਾਤ ਦੇ ਸੀਜ਼ਨ ਦੌਰਾਨ ਸਵਾ ਚਾਰ ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਵਿਚੋਂ ਢਾਈ ਲੱਖ ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ।
ਇਹ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸ਼ਹਿਰ ਵਿਚ ਬੀਤੇ ਸਾਲਾਂ ਦੌਰਾਨ ਰੁੱਖਾਂ ਦੀ ਵੱਡੀ ਮਾਤਰਾ ਵਿਚ ਹੋਈ ਕਟਾਈ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਤੱਕ ਦੇ ਹਿੱਸੇ ਨੂੰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਫੁੱਲਾਂ ਵਾਲੇ ਦਰਖਤਾਂ ਨਾਲ ਭਰਿਆ ਗਿਆ ਹੈ, ਜਿਸ ਵਿਚ ਲਗਾਏ ਸ਼ਾਨਦਾਰ ਬੂਟੇ ਆਉਣ ਵਾਲੇ ਦੋ ਕੁ ਸਾਲਾਂ ਵਿਚ ਸ਼ਹਿਰ ਨੂੰ ਆਉਂਦੇ ਮੁੱਖ ਰਸਤੇ ਨੂੰ ਆਪਣੀ ਖੂਬਸੂਰਤੀ ਨਾਲ ਚਾਰ ਚੰਨ ਲਗਾਉਣਗੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਆਈ ਹਰਿਆਲੀ ਐਪ ਰਾਹੀਂ ਆਮ ਲੋਕਾਂ ਨੂੰ, ਕਿਸਾਨਾਂ ਨੂੰ ਮੋਟਰਾਂ ’ਤੇ ਲਗਾਉਣ ਲਈ, ਪੰਚਾਇਤਾਂ ਨੂੰ ਪਿੰਡਾਂ ਵਾਸਤੇ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਕੂਲਾਂ ਤੇ ਕਾਲਜਾਂ ਆਦਿ ਵਿਚ ਲਗਾਉਣ ਵਾਸਤੇ ਮੁਫ਼ਤ ਪੌਦੇ ਦਿੱਤੇ ਗਏ ਹਨ।
ਇਸ ਮੌਕੇ ਹਾਜ਼ਰ ਜਿਲ੍ਹਾ ਜੰਗਲਾਤ ਅਧਿਕਾਰੀ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਅੰਮ੍ਰਿਤਸਰ ਵਣ ਮੰਡਲ ਵੱਲੋਂ ਇਸ ਸਾਲ 21 ਜੁਲਾਈ ਤੱਕ 97767 ਪੌਦੇ ਮੁਫ਼ਤ ਵੰਡੇ ਗਏ ਹਨ।ਇੰਨਾਂ ਵਿਚੋਂ 5615 ਪੌਦੇ ਪੰਚਾਇਤਾਂ ਤੇ ਜਨਤਕ ਸੰਸਥਾਵਾਂ, 66696 ਪੌਦੇ 636 ਪਿੰਡਾਂ ਵਿਚ 3478 ਵਿਅਕਤੀਆਂ ਨੂੰ ਮੁਫਤ ਦਿੱਤੇ ਗਏ।ਇਸ ਤੋਂ ਇਲਾਵਾ 90 ਕਿਸਾਨਾਂ ਵੱਲੋਂ 583 ਪੌਦੇ ਮੋਟਰਾਂ ’ਤੇ ਲਗਾਉਣ ਲਈ ਅਤੇ 19 ਧਾਰਮਿਕ ਸੰਸਥਾਵਾਂ ਵੱਲੋਂ 12653 ਪੌਦੇ ਲਗਾਏ ਗਏ।ਉਨਾਂ ਦੱਸਿਆ ਕਿ ਗੈਰ ਸਰਕਾਰੀ ਸੰਸਥਾਵਾਂ ਨੇ ਵੱਖ-ਵੱਖ ਥਾਵਾਂ ’ਤੇ 12250 ਪੌਦੇ ਲਗਾਏ ਹਨ।
ਗੁਲਾਟੀ ਨੇ ਦੱਸਿਆ ਕਿ ਵਣ ਵਿਭਾਗ ਨੇ ਆਪਣੇ ਤੌਰ ’ਤੇ ਜੰਗਲਾਤ ਦੇ ਰਕਬੇ ਵਿਚ 151930 ਪੌਦੇ ਵਿਭਾਗੀ ਸਕੀਮਾਂ ਤਹਿਤ ਜਿਲ੍ਹੇ ਵਿਚ ਲਗਾਏ ਹਨ ਅਤੇ ਮਨਰੇਗਾ ਸਕੀਮ ਤਹਿਤ ਅੰਮ੍ਰਿਤਸਰ ਜਿਲ੍ਹੇ ਵਿਚ 173000 ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ, ਜਿਸ ਲਈ ਕੰਮ ਚੱਲ ਰਿਹਾ ਹੈ।ਉਨਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ।ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਨਰਸਰੀਆਂ ਵਿਚੋਂ ਪੌਦੇ ਲੈ ਕੇ ਆਪਣੇ ਘਰਾਂ, ਖੇਤਾਂ, ਮੋਟਰਾਂ, ਰਸਤਿਆਂ ਕਿਨਾਰੇ ਲਗਾਉਣ, ਜਿਸ ਨਾਲ ਜਿੱਥੇ ਕੁਦਰਤੀ ਖੂਬਸੂਰਤੀ ਵਧੇਗੀ, ਉਥੇ ਵਾਤਾਵਰਣ ਦੀ ਸ਼ੁੱਧਤਾ ਵੀ ਬਣੀ ਰਹੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media