ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਤੇਗ
ਬਹਾਦਰ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਵਿਦਿਆਰਥਣਾਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਆਏ ਸਰੋਤਿਆਂ ਨੂੰ ਪੁਰਾਤਨ ਵਿਰਸੇ ਦੇ ਖਿਆਲਾਂ ’ਚ ਮਘਨ ਹੋਣ ਲਈ ਮਜ਼ਬੂਰ ਕਰ ਦਿੱਤਾ।ਕਾਲਜ ਦੀਆਂ ਵਿਦਿਆਰਥਣਾਂ ਨੇ ਸਾਉਣ ਦੇ ਮਹੀਨੇ ’ਚ ਮਨਾਏ ਜਾਂਦੇ ਇਸ ਤਿਉਹਾਰ ’ਤੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਪ੍ਰੋਗਰਾਮ ਮੌਕੇ ਵਿਦਿਆਰਥਣਾਂ ਵੱਲੋਂ ਪੀਂਘਾਂ ਝੂਟਣ ਦੇ ਨਾਲ-ਨਾਲ ਪੁਰਾਤਨ ਵਿਰਸੇ ਦੀ ਝਲਕ ਨੂੰ ਦਰਸਾਉਂਦਿਆ ਸਾਵਨ ’ਤੇ ਗੀਤ ਵੀ ਗਾਏ ਗਏ, ਜਿਸ ਦੀ ਕਾਫ਼ੀ ਸ਼ਲਾਘਾ ਕੀਤੀ ਗਈ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਸਾਨੂੰ ਸਾਡੀ ਸੱਭਿਅਤਾ ਨਾਲ ਜੋੜੀ ਰੱਖਦੇ ਹਨ ਉਥੇ ਇਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਦੀਆਂ ਸੌਗਾਤਾਂ ਤੋਂ ਭਲੀਭਾਂਤ ਗਿਆਤ ਰਹਿ ਸਕਣਗੀਆਂ।ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ, ਦੇਸੀ 12 ਮਹੀਨਿਆਂ ’ਚੋਂ ਵੱਖਰੀ ਪਛਾਣ ਰੱਖਦਾ ਹੈ।ਇਸ ਤਿਓਹਾਰ ’ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਤੋਂ ਬੁਰੀ ਤਰ੍ਹਾਂ ਭਟਕ ਕੇ ਉਸ ਨਾਲੋਂ ਟੁੱਟ ਚੁੱਕੀਆਂ ਹਨ, ਜੋ ਬੜੀ ਹੀ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਇਸ ਗੱਲ ’ਤੇ ਵੀ ਚਿੰਤਾ ਜਾਹਿਰ ਕੀਤੀ ਕਿ ਵੱਧਦੀ ਮਹਿੰਗਾਈ ਨੇ ਵੀ ਤਿਉਹਾਰਾਂ ’ਤੇ ਲੱਗਦੀਆਂ ਰੌਣਕਾਂ ਨੂੰ ਘਟਾਉਣ ’ਚ ਕੋਈ ਕਸਰ ਨਹੀਂ ਛੱਡੀ।ਪਰ ਫ਼ਿਰ ਵੀ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵੀ ਸੰਸਥਾਵਾਂ, ਕਾਲਜ ਅਤੇ ਸਕੂਲ ਆਦਿ ਸਮੇਂ-ਸਮੇਂ ’ਤੇ ਇਹੋ ਜਿਹੇ ਉਪਰਾਲੇ ਕਰਦੇ ਹਨ ਤਾਂ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਉਹਾਰ ਜਿਉਂਦੇ ਰਹਿ ਸਕਣ।
ਇਸ ਮੌਕੇ ਪ੍ਰੋ: ਮਹਿੰਦਰ ਸਿੰਘ, ਪ੍ਰੋ: ਗਿਰਜਾ ਭੱਲਾ, ਪ੍ਰੋ: ਕ੍ਰਿਸ਼ਨਾ, ਪ੍ਰੋ: ਭਾਰਤੀ ਗੁਪਤਾ, ਪ੍ਰੋ: ਗੁਲਸ਼ਨ, ਪ੍ਰੋ: ਸੋਨੀਆ, ਆਦਿ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਸ਼ਾਮਿਲ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media