ਭੀਖੀ, 29 ਅਗਸਤ (ਪੰਜਾਬ ਪੋਸਟ – ਕਮਲ ਜ਼ਿੰਦਲ) – ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਸਮਾਗਮ ਮੌਕੇ ਸਿੱਖ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਸਿੱਖ
ਸਟੂਡੈਂਟ ਫੈਡਰੇਸ਼ਨ ਅਤੇ ਸਰਦਾਰੀਆਂ ਟਰੱਸਟ ਪੰਜਾਬ ਵਲੋਂ ਪੱਗਾਂ ਵਾਲਾ ਪੰਜਾਬ ਸਿਰਜਣ ਲਈ ਫ਼ਰੀਦਕੋਟ ਸ਼ਹਿਰ ਵਿਖੇ ਵਿਸ਼ੇਸ਼ ਦਸਤਾਰ ਕੱਪ ਕਰਵਾਇਆ ਜਾ ਰਿਹਾ ਹੈ।ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ `ਤੇ ਚੱਲ ਰਹੀਆਂ ਹਨ।ਸਰਦਾਰੀਆਂ ਟਰੱਸਟ ਪੰਜਾਬ ਦੇ ਚੇਅਰਮੈਨ ਭਾਈ ਸਤਿਨਾਮ ਸਿੰਘ ਦਬੜੀਖਾਨਾ ਟਰੱਸਟ ਦੇ ਜਿਲਾ ਪ੍ਰਧਾਨ ਜਗਰਾਜ ਸਿੰਘ ਢੱਡਰੀਆਂ ਅਤੇ ਭਾਈ ਸੁਖਚੈਨ ਸਿੰਘ ਅਤਲਾ ਨੇ ਸਾਂਝੇ ਤੌਰ `ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਸਤਾਰ ਕੱਪ ਵਿਸ਼ੇਸ਼ ਤੌਰ `ਤੇ ਖਿੱਚ ਦਾ ਕੇਂਦਰ ਰਹੇਗਾ, ਕਿਉਂਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਲਈ ਦੋਵੇਂ ਜਥੇਬੰਦੀਆਂ ਮਿਲ ਕੇ ਵੱਡੇ ਪੱਧਰ `ਤੇ ਦਸਤਾਰ ਕੱਪ ਕਰਵਾਉਣ ਜਾ ਰਹੀਆਂ ਹਨ।
ਪਹਿਲੇ ਇਨਾਮ ਜੇਤੂ ਨੌਜਵਾਨ ਨੂੰ ਮੋਟਰਸਾਈਕਲ, ਦੂਸਰੇ ਨੂੰ 11000 ਰੁਪਏ ਤੇ ਤੀਸਰੇ ਨੂੰ 5100 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।ਪੰਜਾਬ ਭਰ ਤੋਂ ਆਏ ਕੋਚਾਂ/ਜਥੇਬੰਦੀਆਂ ਦੀ ਵੀ ਵੱਡੇ ਇਨਾਮਾਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਦਸਤਾਰ ਕੱਪ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਬਾਬਾ ਫਰੀਦ ਜੀ ਦੇ ਦੱਸੇ ਹੋਏ ਮਾਰਗ `ਤੇ ਚੱਲਦਿਆਂ ਹੋਇਆਂ ਪਤਿਤ ਹੋ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਮੁੜ ਤੋਂ ਗੁਰਸਿੱਖੀ ਨਾਲ ਜੋੜਨਾ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ।ਦੋਨੋਂ ਜਥੇਬੰਦੀਆਂ ਮਿਲ ਕੇ ਬਹੁਤ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀਆਂ ਹਨ, ਜਿਸ ਦੇ ਤਹਿਤ ਪੰਜਾਬ ਦੇ ਪਿੰਡ ਪਿੰਡ ਜਾ ਕੇ ਦਸਤਾਰ ਸਿਖਲਾਈ ਕੈਂਪ ਲਗਾਉਣੇ ਦਸਤਾਰ ਮੁਕਾਬਲੇ ਕਰਵਾਉਣੇ ਅਤੇ ਗੱਤਕਾ ਕੈਂਪ ਲਗਾਉਣੇ ਹਨ।ਪਹਿਲਾ ਉਪਰਾਲਾ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਦਸਤਾਰ ਕੱਪ ਕਰਵਾਉਣਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦ ਵਿੱਚ ਗੱਤਕਾ ਕੱਪ ਕਰਵਾਉਣਾ ਹੈ, ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਜਥੇਬੰਦੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਬਚਾਅ ਕੇ ਉਨ੍ਹਾਂ ਨੂੰ ਗੁਰਸਿੱਖੀ ਨਾਲ ਜੋੜਿਆ ਹੈ।ਉਨ੍ਹਾਂ ਕਿਹਾ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਉਹ ਹਰ ਸਾਲ ਵੱਡੇ ਤੋਂ ਵੱਡੇ ਇਨਾਮ ਲੈ ਕੇ ਆ ਰਹੇ ਹਾਂ ਤਾਂ ਜੋ ਪ੍ਰੇਰਿਤ ਹੋ ਕੇ ਨੌਜਵਾਨ ਪੀੜ੍ਹੀ ਦਸਤਾਰ ਸਜਾਉਣੀ ਸ਼ੁਰੂ ਕਰੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media