ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ’ਚ ਖ਼ਾਲਸਾ ਕਾਲਜ ਚਵਿੰਡਾ ਦੇਵੀ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਚਵਿੰਡਾ ਦੇਵੀ ਵਿਖੇ ਕਾਲਜ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਆਰੰਭ ਕਰਕੇ ਅਧਿਆਪਕ ਦਿਵਸ ਮਨਾਉਣ ਦਾ ਉਪਰਾਲਾ ਕੀਤਾ ਗਿਆ।
ਸਹਿਜ ਪਾਠ ਸੇਵਾ ਸੋਸਾਇਟੀ ਵਲੋਂ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੇ ਸਹਿਯੋਗ ਨਾਲ ਕਾਲਜ ਦੇ ਲਗਭਗ 50 ਵਿਦਿਆਰਥੀਆਂ ਦੇ ਸਹਿਜ ਪਾਠ ਆਰੰਭ ਕਰਵਾਏ ਗਏ।ਸੋਸਾਇਟੀ ਵੱਲੋਂ ਬੀਬੀ ਮਨਜੀਤ ਕੌਰ, ਪ੍ਰੋ. ਰਣਜੀਤ ਸਿੰਘ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਸਿਮਰਨਜੀਤ ਕੌਰ ਤੇ ਹੋਰ ਸਟਾਫ਼ ਹਾਜ਼ਰ ਸੀ। 
ਚਵਿੰਡਾ ਕਾਲਜ ਦੇ ਪ੍ਰਿੰਸੀਪਲ ਡਾ. ਐਚ.ਬੀ ਸਿੰਘ, ਪਬਲਿਕ ਸਕੂਲ ਜੀ.ਟੀ ਰੋਡ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਪਬਲਿਕ ਸਕੂਲ ਹੇਰ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ ਨੇ ਆਪਣੇ ਆਪਣੇ ਸੰਬੋਧਨ ’ਚ ਜਿੱਥੇ ਦੇਸ਼ ਦੇ ਦੂਜੇ ਰਾਸ਼ਟਰਪਤੀ ਸ੍ਰੀ ਸਰਵਪਾਲੀ ਰਾਧਾਕ੍ਰਿਸ਼ਨ ਨੂੰ ਯਾਦ ਕਰਦਿਆ ਸ਼ਰਧਾਂਜ਼ਲੀ ਭੇਟ ਕੀਤੀ, ਉਥੇ ਉਨ੍ਹਾਂ ਸੋਸਾਇਟੀ ਵੱਲੋਂ ਨੌਜਵਾਨ ਵਿਦਿਆਰਥੀਆਂ ਨੂੰ ਨੇਕ ਰਸਤੇ ’ਤੇ ਚੱਲਣ ਦੀ ਸਿੱਖਿਆ ਦੇਣ ਲਈ ਸੋਸਾਇਟੀ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਿੱਥੇ ਵਧੇਰੇ ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋ ਕੇ ਆਪਣਾ ਅਤੇ ਸਮਾਜ ਦਾ ਨੁਕਸਾਨ ਕਰ ਰਹੇ ਹਨ ਉਥੇ ਹੀ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਕੇ ਗੁਰਬਾਣੀ ਦੇ ਨਾਲ ਜੋੜਨਾ ਇਕ ਸ਼ਲਾਘਾਯੋਗ ਉਪਰਾਲਾ ਹੈ।ਉਕਤ ਪ੍ਰਿੰਸੀਪਲਾਂ ਵੱਲੋਂ ਨੇ ਵਿਦਿਆਰਥੀਆਂ ਨੂੰ ਅਧਿਆਪਕ ਦੀ ਮਹੱਤਤਾ ਦੱਸਦਿਆ ਕਿਹਾ ਕਿ ਜੀਵਨ ਦੀ ਕਾਮਯਾਬੀ ’ਚ ਗੁਰੂ (ਅਧਿਆਪਕ) ਦਾ ਬਹੁਤ ਅਹਿਮ ਰੋਲ ਹੁੰਦਾ ਹੈ, ਜੋ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਸੰਵਾਰਨ ਅਤੇ ਉਸ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਜੱਦੋਜਹਿਦ ਕਰਦਾ ਹੈ।ਇਸ ਲਈ ਸਮੂਹ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਦੇ ਨਾਲ ਮਾਤਾ ਪਿਤਾ ਤੇ ਵੱਡੇ ਬਜੁਰਗਾਂ ਦਾ ਵੀ ਆਦਰ ਸਨਮਾਨ ਕਰਨਾ ਚਾਹੀਦਾ ਹੈ।
Punjab Post Daily Online Newspaper & Print Media