ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਕੈਂਪਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਭਾਈ ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਸਾਲ 2018-19 ਦੀ ਸ਼ੁਰੂਆਤ ਸਬੰਧੀ ‘ਆਰਭਿੰਕ ਅਰਦਾਸ ਦਿਵਸ’ ਮੌਕੇ ਉਚੇਚੇ ਤੌਰ ’ਤੇ ਹਾਜ਼ਰੀ ਲਗਾਉਣ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬਾਨ ਵਲੋਂ ਵਿੱਦਿਆ ਦੀ ਮਹਾਨਤਾ ’ਤੇ ਕਥਾ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਗੁਰਬਾਣੀ ਕੀਰਤਨ ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤਾ ਗਿਆ। ਜਿਨ੍ਹਾਂ ਦੌਰਾਨ ਰੱਬੀ ਬਾਣੀ ਦਾ ਇਲਾਹੀ ਕੀਰਤਨ ਸੁਣਾ ਕੇ ਰੂਹਾਨੀ ਮਾਹੌਲ ਸਿਰਜਿਆ ਅਤੇ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸੁਰਜੀਤ ਸਿੰਘ ਨੇ ਕੀਤੀ।ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਕੇ ਗਿਆਨ ਪ੍ਰਾਪਤ ਕਰਨ ਉਪਰੰਤ ਸੰਤੋਖ ਤੇ ਵਿਚਾਰ ਦਾ ਜੀਵਨ ਦੀ ਪ੍ਰੇਰਣਾ ਦਿੱਤੀ।ਉਨਾਂ ਦੁਨਿਆਵੀਂ ਅਤੇ ਅਧਿਆਤਿਮਕ ਵਿੱਦਿਆ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਉਨਾਂ ਛੀਨਾ ਅਤੇ ਕਾਲਜ ’ਚ ਹਰੇਕ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਮੇਂ ਕੀਤੀ ਅਰਦਾਸ ਪ੍ਰੰਪਰਾ ਨੂੰ ਸਰਾਹਿਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਜੀਵਨ ਦੀ ਹਰੇਕ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਕ ਕਾਬਿਲ ਵਿਦਿਆਰਥੀ ਹੀ ਦੇਸ਼ ਅਤੇ ਸਮਾਜ ’ਚ ਬਦਲਾਅ ਲਿਆਉਂਦਾ ਹੈ।ਉਨਾਂ ਵਿਦਿਆਰਥੀਆਂ ਨੂੰ ਸੰਸਾਰਿਕ ਪੜਾਵਾਂ ’ਤੇ ਗੱਲ ਕਰਦਿਆਂ ਕਿਹਾ ਕਿ ਸੁੱਖ ਅਤੇ ਦੁੱਖ ਜੀਵਨ ਦੇ 2 ਪਹਿਲੂ ਹਨ ਅਤੇ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ ਪਰ ਇਹ ਨਹੀਂ ਕਿ ਸੁੱਖ ਵੇਲੇ ਦਲੇਰੀ ਹੋਵੇ ਤੇ ਦੁੱਖ ਵੇਲੇ ਨਕਾਰਤਮਿਕ ਮਾਨਸਿਕਤਾ ਦਾ ਸ਼ਿਕਾਰ ਹੋ ਜਾਵੋ।ਉਨਾਂ ਸੰਸਾਰਿਕ ਵਿੱਦਿਆ ਤੋਂ ਇਲਾਵਾ ਅਧਿਆਤਿਮਕ ਵਿੱਦਿਆ ਗ੍ਰਹਿਣ ਕਰਨ ’ਤੇ ਜ਼ੋਰ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖੀ ਜੀਵਨ ’ਚ ਪ੍ਰਪੱਕ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਰਵਾਇਤੀ ਵਿੱਦਿਆ ਨਾਲ ਮੌਲਿਕ ਸਿੱਖਿਆ ਵੀ ਜਰੂਰੀ ਹੈ।
ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਧਾਰਮਿਕ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੇ 26 ਵਿਦਿਆਰਥੀਆਂ ਨੂੰ 5100 ਰੁਪਏ ਦਾ ਨਗਦ ਇਨਾਮ ਤਕਸੀਮ ਕਰਕੇ ਹੌਂਸਲਾ ਅਫ਼ਜਾਈ ਕੀਤੀ।ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੀਆਂ ਉਪਲਬੱਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ ਖੇਡਾਂ, ਸੱਭਿਆਚਾਰਕ ਆਦਿ ਗਤੀਵਿਧੀਆਂ ਨਾਲ ਕਾਲਜ ਦਾ ਚੁਫ਼ੇਰੇ ਨਾਮ ਰੌਸ਼ਨਾ ਰਹੇ ਹਨ।
ਇਸ ਮੌਕੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਣ, ਪ੍ਰਿੰਸੀਪਲ ਜਗਦੀਸ਼ ਸਿੰਘ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਐਚ.ਬੀ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਕਾਲਜ ਸਟਾਫ਼ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media