ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲੇਗੀ ਪਹਿਲ
ਅੰਮ੍ਰਿਤਸਰ, 18 ਅਕਤਬੂਰ (ਪੰਜਾਬ ਪੋਸਟ- ਪ੍ਰੀਤਮ ਸਿੰਘ) -ਪੰਜਾਬ ਸਰਕਾਰ ਵਲੋਂ ਹਾੜ੍ਹੀ 2018-19 ਦੌਰਾਨ ਕਣਕ ਦੀ ਬਿਜਾਈ ਲਈ ਜਲੰਧਰ ਜਿਲ੍ਹੇ ਵਿਚ 8000 ਕੁਇੰਟਲ ਬੀਜ ਸਬਸਿਡੀ ’ਤੇ ਦਿੱਤਾ ਜਾਵੇਗਾ ਜਿਸ ਲਈ ਕਿਸਾਨ 25 ਅਕਤੂਬਰ ਤੱਕ ਆਪਣੀ ਦਰਖਾਸਤ ਦੇ ਸਕਦੇ ਹਨ।ਇਹ ਸਬਸਿਡੀ ਸਿੱਧੀ ਕਿਸਾਨਾਂ ਬੈਂਕ ਖਾਤਿਆ ਵਿੱਚ ਭੇਜੀ ਜਾਵੇਗੀ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਕਣਕ ਦੇ ਤਸ਼ਦੀਕਸ਼ੁਦਾ ਬੀਜ ’ਤੇ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧੀ ਉਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਈ ਜਾਵੇਗੀ ਅਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ’ਤੇ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬਸਿਡੀ ਪਹਿਲ ਦੇ ਅਧਾਰ ’ਤੇ ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਏਕੜ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਬਸਿਡੀ ਦੇਣ ਤੋਂ ਪਹਿਲਾਂ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਵੈਰੀਫਿਕੇਸ਼ਨ ਕਰਜ਼ਾ ਮੁਆਫ਼ੀ ਵਾਲੇ ਡਾਟਾਬੇਸ ਤੋਂ ਕੀਤੀ ਜਾਵੇਗੀ ਅਤੇ ਕਿਸੇ ਵੀ ਆਯੋਗ ਦਾਅਵੇਦਾਰਾਂ ਨੂੰ ਸਬਸਿਡੀ ਲਈ ਬਿਲਕੁੱਲ ਵਿਚਾਰਿਆ ਨਹੀਂ ਜਾਵੇਗਾ ਅਤੇ ਸਾਰੀ ਸਬਸਿਡੀ ਟਰਾਂਸਫਰ ਕਰਦੇ ਸਮੇਂ ਅਧਾਰ ਸੀਡ ਖਾਤਿਆਂ ਰਾਹੀਂ ਟਰਾਂਸਫਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰ ਜਾਂ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਵਿੱਚ 25.10.2018 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।ਨਿਰਧਾਰਿਤ ਮਿਤੀ ਤੋਂ ਬਾਅਦ ਪ੍ਰਾਪਤ ਆਰਜ਼ੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਯੋਗ ਪਾਈਆਂ ਗਈਆਂ ਅਰਜ਼ੀਆਂ ਵਾਲੇ ਕਿਸਾਨਾਂ ਨੂੰ ਮਿਤੀ 29.10.2018 ਤੋਂ 10.11.2018 ਤੱਕ ਪਰਮਿਟ ਜਾਰੀ ਕਰਨਗੇ।ਬੀਜ ਦੀ ਵੰਡ ਸਮੇਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਸ਼ਨੀਵਾਰ ਤੇ ਐਤਵਾਰ ਨੂੰ ਖੁੱਲੇ ਰਹਿਣਗੇ।
ਸੰਘਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਆਪਣੇ ਖੇਤਰ ਵਿੱਚ ਵਿਕ ਰਹੇ ਬੀਜ ਦੀ ਪੂਰੀ ਨਿਗਰਾਨੀ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਚੰਗੀ ਕੁਆਲਟੀ ਦਾ ਬੀਜ ਹੀ ਕਿਸਾਨਾਂ ਨੂੰ ਮਿਲੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਏਜੰਸੀਆਂ ਦੇ ਅਧਿਕਾਰੀ ਤੇ ਕਰਮਚਾਰੀ ਤੋਂ ਇਲਾਵਾ ਸਬੰਧਿਤ ਜ਼ਿਲ੍ਹੇ/ ਬਲਾਕ ਦੇ ਅਧਿਕਾਰੀ ਜਿੰਮੇਵਾਰ ਹੋਣਗੇ।
ਇਸੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਹਾ ਕਿ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਹ ਬਿਨੈਪੱਤਰ ਪਿੰਡ ਦੇ ਸਰਪੰਚ, ਨੰਬਰਦਾਰ ਜਾਂ ਐਮ.ਸੀ ਤੋਂ ਤਸਦੀਕ ਕੀਤੇ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਬਸਿਡੀ ਕਣਕ ਦੀਆਂ ਕਿਸਮਾਂ ਪੀ.ਬੀ.ਡਬਲਯੂ 725, ਪੀ.ਬੀ.ਡਬਲਊ 621, ਡੀ.ਬੀ.ਡਬਲਯੂ 17, ਪੀ.ਬੀ. ਡਬਲਯੂ 550, ਪੀ.ਬੀ.ਡਬਲਯੂ 502 ਅਤੇ ਡਬਲਯੂ ਐਚ.ਡੀ 943, ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ 658, ਪੀ.ਬੀ. ਡਬਲਯੂ 590 ਦੀ ਅਤੇ ਬਰਾਨੀ ਹਲਾਤਾਂ ਵਿੱਚ ਪੀ.ਬੀ.ਡਬਲਯੂ 660, ਪੀ.ਬੀ.ਡਬਲਯੂ 644 ’ਤੇ ਹੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਬਲਾਕ ਵਿੱਚ ਅਲਾਟ ਕੀਤੀ ਮਾਤਰਾ ਤੋਂ ਵੱਧ ਬਿਨੈ ਪੱਤਰ ਪ੍ਰਾਪਤ ਹੁੰਦੇ ਹਨ ਤਾਂ ਸਬਸਿਡੀ ਡਰਾਅ ਰਾਹੀਂ ਦਿੱਤੀ ਜਾਵੇਗੀ ਅਤੇ ਇਹ ਡਰਾਅ ਸਰਕਾਰ ਪਾਸੋਂ ਹਦਾਇਤਾਂ ਪ੍ਰਾਪਤ ਕਰਕੇ ਇਸ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਇਹ ਡਰਾਅ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੱਢੇ ਜਾਣਗੇ ਅਤੇ ਡਰਾਅ ਕੱਢਦੇ ਸਮੇਂ ਪਿਛਲੇ ਸਾਲ ਬੀਜ ਸਬਸਿਡੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਬਜਾਏ ਨਵੇਂ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ।