ਬਠਿੰਡਾ, 4 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਦੋ ਰੋਜਾ ਪ੍ਰਚਾਰਕ ਕਾਰਜਸ਼ਾਲਾ ਦੇ ਦੂਸਰੇ ਤੇ ਆਖ਼ਰੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਚਾਰਕਾਂ ਨਾਲ ਵਿਚਾਰ ਸਾਂਝੇ ਕੀਤੇ, ਉਥੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਚਾਰਕ ਸ਼੍ਰੇਣੀ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਸੰਗਤਾਂ ਨੂੰ ਗੁਰਮਤਿ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਕੌਮੀ ਮਾਮਲਿਆਂ ਸਬੰਧੀ ਸੰਗਤਾਂ ਦੇ ਸ਼ੰਕੇ ਨਵਿਰਤ ਕਰਨ ਦੀ ਵੀ ਹੈ।ਉਨ੍ਹਾਂ ਪ੍ਰਚਾਰਕਾਂ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਪ੍ਰੇਰਣਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਸਬੰਧੀ ਵੱਧ ਤੋਂ ਵੱਧ ਧਰਮ ਪ੍ਰਚਾਰ ਕਰਨ ਲਈ ਕਿਹਾ।। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਗੁਰੂ ਘਰਾਂ ਅੰਦਰ ਧਾਰਮਿਕ ਦੀਵਾਨਾਂ ਦੇ ਰੂਪ ਵਿਚ ਸਮਾਗਮ ਕਰਨ ਦੇ ਨਾਲ-ਨਾਲ ਸੰਵਾਦ ਵਿਧੀ ਵੀ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਪ੍ਰਚਾਰਕ ਸ਼੍ਰੇਣੀ ਗੁਰਦੁਆਰਾ ਸਾਹਿਬਾਨ ਅੰਦਰ ਸੰਗਤਾਂ ਨਾਲ ਗਰਮਤਿ ਵਿਚਾਰਾਂ ਕਰਨ ਦੇ ਨਾਲ-ਨਾਲ ਸੱਥਾਂ, ਖੇਡ ਕਲੱਬਾਂ, ਸਕੂਲਾਂ ਕਾਲਜਾਂ ਅਤੇ ਪਰਿਵਾਰਾਂ `ਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨ।
ਇਸ ਮੌਕੇ ਲੌਂਗੋਵਾਲ ਨੇ ਐਲਾਨ ਕੀਤਾ ਕਿ ਜਿਥੇ ਵਧੀਆ ਕਾਰਗੁਜ਼ਾਰੀ ਵਾਲੇ ਪ੍ਰਚਾਰਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਥੇ ਹੀ 15 ਹਜ਼ਾਰ ਤੋਂ ਘੱਟ ਤਨਖ਼ਾਹ ਵਾਲੇ ਪ੍ਰਚਾਰਕਾਂ ਨੂੰ 1 ਹਜ਼ਾਰ ਅਤੇ 15 ਹਜ਼ਾਰ ਤੋਂ ਵੱਧ ਤਨਖ਼ਾਹ ਵਾਲੇ ਪ੍ਰਚਾਰਕਾਂ ਨੂੰ 500 ਰੁਪਏ ਮਾਸਿਕ ਤਨਖ਼ਾਹ ਵਿਚ ਵਾਧਾ ਕੀਤਾ ਜਾਵੇਗਾ।ਇਸ ਦੋ ਰੋਜ਼ਾ ਵਰਕਸ਼ਾਪ ਦੌਰਾਨ ਸਾਬਕਾ ਪ੍ਰੋ. ਮਨਜੀਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਸਰਬਜੀਤ ਸਿੰਘ ਰੇਣੂਕਾ, ਪ੍ਰੋ. ਮਨਿੰਦਰਪਾਲ ਸਿੰਘ, ਡਾ. ਰੂਪ ਸਿੰਘ, ਜਸਵੰਤ ਸਿੰਘ, ਡਾ. ਅਵੀਨਿੰਦਰਪਾਲ ਸਿੰਘ, ਡਾ. ਹਰਸ਼ਿੰਦਰ ਕੌਰ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਸ਼ਾਮਲ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media