Tuesday, December 24, 2024

ਸਮਰਾਲਾ ਇਲਾਕੇ ’ਚ ਮੀਂਹ ਨੇ ਮਚਾਈ ਤਬਾਹੀ- ਪੀੜਤ ਕਿਸਾਨਾਂ ਨੇ ਮੰਗਿਆ ਮੁਆਵਜ਼ਾ

ਖੇਤਾਂ ’ਚ ਆਲੂ, ਸਰੋਂ, ਮੱਕੀ ਅਤੇ ਹਰੇ ਚਾਰੇ ਦੀ ਫਸਲ ਹੋਈ ਤਬਾਹ

PUNB0802201903ਸਮਰਾਲਾ, 8 ਫਰਵਰੀ (ਪੰਜਾਬ ਪੋਸਟ  -ਇੰਦਰਜੀਤ ਕੰਗ) – ਬੀਤੇ ਦਿਨੀਂ ਰਾਤ ਅਤੇ ਪੂਰਾ ਦਿਨ ਮੀਂਹ ਅਤੇ ਗੜ੍ਹਿਆਂ ਨੇ ਜਿੱਥੇ ਪੰਜਾਬ ਵਿੱਚ ਕਾਫੀ ਤਬਾਹੀ ਮਚਾਈ ਹੈ, ਉਸ ਤੋਂ ਸਮਰਾਲਾ ਇਲਾਕਾ ਵੀ ਨਹੀਂ ਬਚ ਸਕਿਆ।ਇਸ ਮੀਂਹ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ, ਜਿੱਥੇ ਇਸ ਮੀਂਹ ਨੇ ਕਣਕ ਦੀ ਫਸਲ ਨੂੰ ਦੇਸੀ ਘਿਉ ਵਾਂਗ ਲੱਗਣਾ ਸੀ, ਉੱਥੇ ਇਸ ਮੀਂਹ ਨੇ ਆਲੂਆਂ ਦੀਆਂ ਫਸਲ, ਪਛੇਤੀ ਕਣਕ, ਸਰੋਂ, ਆਲੂ ਪੁੱਟਣ ਮਗਰੋਂ ਬੀਜੀ ਮੱਕੀ ਅਤੇ ਹਰੇ ਚਾਰੇ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ।ਇੱਥੋਂ ਨਜਦੀਕੀ ਪਿੰਡ ਢਿੱਲਵਾਂ, ਨੌਲੜੀ, ਮਾਣਕੀ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਇਸ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਖੇਤਾਂ ਵਿੱਚ ਆਲੇ ਦੁਆਲੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਆਲੂਆਂ ਦੀ ਤਿਆਰ ਫਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਪਈ ਹੈ।
ਪਿੰਡ ਢਿੱਲਵਾਂ ਦੇ ਸੁਲਤਾਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਨੇ ਜ਼ਮੀਨ ਚਕੌਤੇ `ਤੇ ਲੈ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ, ਮੇਰੀਆਂ ਸਾਰੀਆਂ ਉਮੀਦਾਂ ਇਸ ਆਲੂ, ਮੱਕੀ, ਪਛੇਤੀ ਕਣਕ ਤੇ ਸਨ, ਪ੍ਰੰਤੂ ਇਸ ਮੀਂਹ ਨੇ ਮੇਰੀਆਂ ਸਾਰੀਆਂ ਉਮੀਦਾਂ ਪਾਣੀ ਵਿੱਚ ਰੋਲ ਦਿੱਤੀਆਂ, ਆਲੂ ਦੇ ਪੰਜ ਏਕੜ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈ, ਜਿਸ `ਤੇ ਲੱਖਾਂ ਰੁਪਏ ਖਰਚ ਕੇ ਫਸਲ ਉਗਾਈ ਸੀ ਅਤੇ ਲੱਖਾਂ ਰੁਪਏ ਚਕੌਤੇ ਦੇ ਚੜ੍ਹੇ ਹੋਏ ਸਨ। ਹੁਣ ਉਸਨੂੰ ਕੋਈ ਵੀ ਉਮੀਦ ਨਹੀਂ ਦਿਖਾਈ ਦੇ ਰਹੀ ਕਿ ਉਹ ਲੱਖਾਂ ਰੁਪਏ ਦਾ ਘਾਟਾ ਕਿਵੇਂ ਪੂਰਾ ਕਰੇਗਾ।
ਇਨ੍ਹਾਂ ਪਿੰਡਾਂ ਦੇ ਹੋਰ ਕਿਸਾਨਾਂ ਜਿਨ੍ਹਾਂ ਵਿੱਚ ਜਗਮੀਤ ਸਿੰਘ ਢਿੱਲਵਾਂ, ਕਰਮ ਨਾਥ, ਸਿਕੰਦਰ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ, ਤਾਰਾ ਸਿੰਘ, ਗੱਜਣ ਸਿੰਘ, ਦਾਰਾ ਸਿੰਘ, ਸਵਰਨ ਸਿੰਘ, ਜੱਸੀ, ਗੋਲਡੀ ਸਾਬਕਾ ਸਰਪੰਚ, ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਨੇ ਸਰਕਾਰ ਅੱਗੇ ਮੰਗ ਕੀਤੀ ਕਿ ਸਰਕਾਰ ਮਾਲ ਮਹਿਕਮੇ ਰਾਹੀਂ ਇਲਾਕੇ ਦੀ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਤਬਾਹ ਹੋਈ ਫਸਲ ਦਾ ਯੋਗ ਮੁਆਵਜਾ ਦੇਵੇ, ਤਾਂ ਜੋ ਕਿਸਾਨ ਆਪਣੇ ਤੇ ਪਏ ਮਾਲੀ ਸੰਕਟ ਨਾਲ ਨਜਿੱਠ ਸਕਣ।ਉੁਨ੍ਹਾਂ ਸਥਾਨਕ ਪ੍ਰਸਾਸ਼ਨ ਅਤੇ ਆਪਣੇ ਹਲਕੇ ਦੇ ਵਿਧਾਇਕ ਤੋਂ ਵੀ ਮੰਗ ਕੀਤੀ ਕਿ ਅਜਿਹੇ ਮੌਕੇ ਪੀੜਤ ਕਿਸਾਨਾਂ ਦੀ ਸਾਰ ਲੈਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply