ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਤੇ ਸਮਾਨਤਾ ਅਤਿ ਲੋੜੀਂਦੀ ਹੈ।ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ।
ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 `ਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉਥੇ 15000 ਔਰਤਾਂ ਨੇ ਇਕੱਠੀਆਂ ਹੋ ਕੇ ਆਪਣੀ ਨੌਕਰੀ ਦੇ ਸਮੇਂ ਨੂੰ ਘੱਟ ਕਰਨ ਸਬੰਧੀ ਮਾਰਚ ਕੱਢਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਤਨਖਾਹ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵੀ ਮੰਗ ਕੀਤੀ।ਇਸ ਘਟਨਾ ਦੇ ਇੱਕ ਸਾਲ ਪਿੱਛੋਂ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਆਫ਼ ਅਮਰੀਕਾ ਦੇ ਸੱਦੇ `ਤੇ 28 ਫਰਵਰੀ 1909 ਨੂੰ ਰਾਸ਼ਟਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।
ਸਾਲ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ਕੰਮਕਾਜੀ ਮਹਿਲਾਵਾਂ ਦੇ ਕੋਪਨਹੈਗਨ ਵਿਖੇ ਕੌਮਾਂਤਰੀ ਸੰਮੇਲਨ ਦੌਰਾਨ ਨਾਰੀ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਸੰਮੇਲਨ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਕੰਮਕਾਜ਼ੀ ਔਰਤਾਂ ਮੌਜੂਦ ਸਨ ਅਤੇ ਇਹਨਾਂ ਨੇ ਸੁਝਾਅ ਦਾ ਸਮੱਰਥਨ ਕੀਤਾ ਅਤੇ ਸਾਲ 1911 ਵਿੱਚ 19 ਮਾਰਚ ਨੂੰ ਕਈ ਦੇਸ਼ਾਂ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜਰਲੈਂਡ ਨੇ ਇਹ ਦਿਨ ਮਨਾਇਆ।
1917 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ ਤੰਗ ਆ ਕੇ ਖਾਣੇ ਅਤੇ ਸ਼ਾਂਤੀ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ।ਇਹ ਵਿਰੋਧ ਐਨਾ ਸੰਗਠਿਤ ਸੀ ਕਿ ਸਮਰਾਟ ਨਿਕੋਸ ਨੂੰ ਆਪਣਾ ਅਹੁੱਦਾ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਤੋਂ ਬਾਅਦ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ।ਰੂਸੀ ਔਰਤਾਂ ਨੇ ਜਿਸ ਦਿਨ ਹੜਤਾਲ ਸ਼ੁਰੂ ਕੀਤੀ ਸੀ, ਉਹ 23 ਫਰਵਰੀ (ਜੂਲੀਅਨ ਕੈਲੰਡਰ ਮੁਤਾਬਕ) ਸੀ ਅਤੇ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਇਹ 8 ਮਾਰਚ ਸੀ।
8 ਮਾਰਚ 1975 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਨਾਰੀ ਦਿਵਸ ਮਨਾਇਆ।ਸਾਲ 1996 ਤੋਂ ਲਗਾਤਾਰ ਕੌਮਾਂਤਰੀ ਨਾਰੀ ਦਿਵਸ ਕਿਸੇ ਨਿਸ਼ਚਿਤ ਵਿਸ਼ੇ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਅਤੇ 1996 ਵਿੱਚ ‘ਅਤੀਤ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾ’ ਇਸ ਦਾ ਵਿਸ਼ਾ ਰਿਹਾ।ਸਾਲ 2019 ਦਾ ਵਿਸ਼ਾ “ਸਾਮਾਨ ਸੋਚੋ, ਸਮਾਰਟ ਬਣਾਓ ਅਤੇ ਬਦਲਾਅ ਦੇ ਲਈ ਨਵਾਂ ਕਰੋ (ਥਿੰਕ ਇਕੂਅਲ, ਬਿਲਡ ਸਮਾਰਟ, ਇਨੋਵੇਟ ਫਾੱਰ ਚੇਂਜ)”” ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਰੀ ਸਸ਼ਕਤੀਕਰਨ ਅਤੇ ਲੈਂਗਿਕ ਸਮਾਨਤਾ ਲਈ ਬਹੁਤ ਕਾਨੂੰਨ ਹੋਂਦ ਵਿੱਚ ਹਨ, ਪ੍ਰੰਤੂ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਔਰਤਾਂ ਨੂੰ ਪੂਰਨ ਆਜ਼ਾਦੀ ਨਹੀਂ ਮਿਲੀ।ਅੱਜ ਵੀ ਉਹ ਮਰਦ ਪ੍ਰਧਾਨ ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਮਝੀਆਂ ਜਾਂਦੀਆਂ ਹਨ।ਸਾਡੇ ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਉਤਪੀੜਨ ਦੇ ਅੰਕੜੇ ਡਰਾਉਣ ਵਾਲੇ ਹਨ, ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਸਾਡੇ ਸਮਾਜ ਅਤੇ ਨੈਤਿਕਤਾ ਦੇ ਨਿਗਾਰ ਦੀ ਨਿਸ਼ਾਨੀ ਹੈ।
ਉਸਾਰੂ ਸਮਾਜ ਦੀ ਸਿਰਜਣਾ ਲਈ ਲੈਂਗਿਕ ਸਮਾਨਤਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਤੋਂ ਤਰਸ ਆਧਾਰਿਤ ਸਮਾਨਤਾ ਦੀ ਥਾਂ ਖੁਦ ਸੰਗਠਿਤ ਹੋ ਕੇ ਮਰਦ ਪ੍ਰਧਾਨ ਸਮਾਜ ਦੇ ਏਕਾਅਧਿਕਾਰ ਨੂੰ ਚੁਣੋਤੀ ਦੇਣਾ ਹੀ, ਉਹਨਾਂ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
Email – bardwal.gobinder@gmail.com
Punjab Post Daily Online Newspaper & Print Media